ਸ਼ਿਕਾਗੋ, 6 ਜੁਲਾਈ (ਕੇਵਲ ਗੁਰਾਇਆ)-ਗੁਰੂਘਰ ਕਰਾਊਨ ਪੁਆਇੰਟ ਦੇ ਤੀਹ ਸਾਲਾਂ ਦੇ ਇਤਿਹਾਸ ਵਿਚ ਅਮਰੀਕਾ ਆਜ਼ਾਦੀ ਦਿਵਸ ਮੌਕੇ ਸਿੱਖ ਭਾਈਚਾਰੇ ਵਲੋਂ ਪਰੇਡ ਵਿਚ ਸ਼ਮੂਲੀਅਤ ਕਰਕੇ ਨਵਾਂ ਇਤਿਹਾਸ ਸਿਰਜਿਆ ਗਿਆ। ਅਮਰੀਕਾ ਦੇ 250ਵੇਂ ਜਨਮ ਦਿਨ ਮੌਕੇ ਗੁਰੂਘਰ, ਪੰਜਾਬੀ ਸਕੂਲ ਅਤੇ ਪੰਜਾਬੀ ਅਮਰੀਕਨ ਯੂਥ ਕਲੱਬ ਦੇ ਕਾਮਿਆ ਨੇ ਚਾਰ ਜੁਲਾਈ ਦੀ ਪਰੇਡ ਵਿਚ ਸ਼ਾਮਲ ਹੋ ਕੇ ਵਿਲੱਖਣ ਉਦਮ ਕੀਤਾ। ਕਰਾਊਨ ਪੁਆਇੰਟ ਹਾਈ ਸਕੂਲ ਤੋਂ ਸ਼ੁਰੂ ਹੋਈ ਪਰੇਡ ਦੋ ਮੀਲ ਦਾ ਸਫ਼ਰ ਤੈਅ ਕਰਕੇ ਡਾਊਨ ਟਾਊਨ ਵਿਚ ਖ਼ਤਮ ਹੋਈ। ਰਸਤੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਰੇਡ ਦੇਖ ਰਹੇ ਲੋਕਾਂ ਲਈ ਦਸਤਾਰਾਂ ਤੇ ਦੁਪੱਟਿਆਂ ਵਾਲੀਆਂ ਬੀਬੀਆਂ ਨੂੰ ਦੇਖਣਾ ਵਿਲੱਖਣ ਨਜ਼ਾਰਾ ਪੇਸ਼ ਕਰਦਾ ਸੀ। ਸਖ਼ਤ ਗਰਮੀ ਦੇ ਬਾਵਜੂਦ 60 ਦੇ ਕਰੀਬ ਸ਼ਾਮਲ ਹਾਜ਼ਰੀਨ ਨੇ ਸੜਕ ਕਿਨਾਰੇ ਜੁੜੇ ਬੱਚਿਆਂ ਤੇ ਹੋਰ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ, ਟਾਫ਼ੀਆਂ ਵੰਡੀਆਂ। ਇਸ ਮੌਕੇ ਮੇਅਰ ਕਾਂਗਰਸ ਮੈਨ ਅਤੇ ਸੈਨੇਟਰ ਸੈਰਿਫ ਡਿਪਾਰਟਮੈਂਟ ਨੇ ਇਸ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ।