ਗਲਾਸਗੋ, 6 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕਾਟਲੈਂਡ ਦਾ ਸਭ ਤੋਂ ਵੱਡਾ ਦੱਖਣੀ ਏਸ਼ੀਆਈ ਸੱਭਿਆਚਾਰਕ ਗਲਾਸਗੋ ਮੇਲਾ 2026 ਗਲਾਸਗੋ ਸਿਟੀ ਕੌਂਸਲ ਅਤੇ ਗਲਾਸਗੋ ਲਾਈਫ ਦੇ ਸਹਿਯੋਗ ਨਾਲ ਐਤਵਾਰ 5 ਜੁਲਾਈ ਨੂੰ ਕੈਲਵਿਨਗਰੋਵ ਪਾਰਕ ਵਿੱਚ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਦਿਨ ਵੇਲੇ ਹਲਕੀ-ਹਲਕੀ ਬਾਰਿਸ਼ ਕਾਰਨ ਕੁਝ ਸਮੇਂ ਲਈ ਮੇਲੇ ਦੀ ਰੌਣਕ ਘੱਟ ਦਿਖਾਈ ਦਿੱਤੀ, ਪਰ ਸ਼ਾਮ ਨੂੰ ਮੌਸਮ ਸਾਫ਼ ਹੁੰਦੇ ਹੀ ਪਾਰਕ ਵਿੱਚ ਲੋਕਾਂ ਦਾ ਵੱਡਾ ਇਕੱਠ ਉਮੜ ਪਿਆ। ਆਯੋਜਕਾਂ ਅਨੁਸਾਰ ਮੇਲੇ ਵਿੱਚ 20 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕਰਕੇ ਸੱਭਿਆਚਾਰ, ਸੰਗੀਤ ਅਤੇ ਵਿਭਿੰਨਤਾ ਦਾ ਜਸ਼ਨ ਮਨਾਇਆ। ਮੇਲੇ ਵਿੱਚ ਦੋ ਮੁੱਖ ਸਟੇਜ ਨਵਰਸ ਸਟੇਜ ਅਤੇ ਹਮਾਰਾ ਸਟੇਜ ਲਗਾਏ ਗਏ, ਜਿੱਥੇ ਸਥਾਨਕ ਅਤੇ ਅੰਤਰਰਾਸ਼ਟਰੀ ਕਲਾਕਾਰਾਂ ਨੇ ਭੰਗੜਾ, ਲੋਕ ਸੰਗੀਤ, ਕਵਾਲੀ, ਹਿਪ-ਹਾਪ, ਜੈਜ਼, ਸੂਫ਼ੀ, ਇਲੈਕਟ੍ਰਾਨਿਕ ਅਤੇ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ। ਮੇਲੇ ਦੀ ਮੁੱਖ ਖਿੱਚ ਪੰਜਾਬੀ ਗਾਇਕੀ ਦੇ ਪ੍ਰਸਿੱਧ ਗਾਇਕ ਨਛੱਤਰ ਗਿੱਲ ਰਹੇ, ਜਿਨ੍ਹਾਂ ਨੇ ਆਪਣੇ ਸੁਪਰਹਿੱਟ ਗੀਤਾਂ ਨਾਲ ਹਜ਼ਾਰਾਂ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਤੋਂ ਇਲਾਵਾ ਕੇ.ਐੱਸ. ਭੰਵਰਾ ਅਤੇ ਸਰਦਾਰਾ ਗਿੱਲ ਦੇ ਬੈਂਡ ਆਪਣਾ ਸੰਗੀਤ ਨੇ ਵੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਕਲਾਸੀਕਲ ਗਾਇਕ ਜੋੜੀ ਪੂਜਾ ਆਂਗਰਾ ਅਤੇ ਕਰਨ ਰਾਣਾ ਨੇ ਵੀ ਆਪਣੀ ਸੁਰੀਲੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਰੇਡੀਓ ਅਵਾਜ਼ ਗਲਾਸਗੋ ਦੇ ਪੇਸ਼ਕਾਰਾਂ ਨੇ ਵੀ ਆਪਣੀ ਵੱਖਰੀ ਸਟੇਜ ਲਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ। ਮੇਲੇ ਵਿੱਚ ਦਰਜਨਾਂ ਫੂਡ ਸਟਾਲਾਂ ’ਤੇ ਭਾਰਤੀ, ਪਾਕਿਸਤਾਨੀ ਅਤੇ ਹੋਰ ਏਸ਼ੀਆਈ ਪਕਵਾਨਾਂ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ। ਬੱਚਿਆਂ ਲਈ ਖੇਡਾਂ, ਕਲਾ ਵਰਕਸ਼ਾਪਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਪਰਿਵਾਰਾਂ ਲਈ ਮਨੋਰੰਜਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਜਿਸ ਕਾਰਨ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਮੇਲੇ ਦਾ ਲੁਤਫ਼ ਉਠਾਇਆ। ਸਮਾਗਮ ਦੌਰਾਨ ਸੁਰੱਖਿਆ ਲਈ ਪੁਲਿਸ, ਮੁੱਢਲੀ ਸਹਾਇਤਾ ਅਤੇ ਐਮਰਜੈਂਸੀ ਸੇਵਾਵਾਂ ਤਾਇਨਾਤ ਰਹੀਆਂ, ਜਿਸ ਕਾਰਨ ਪੂਰਾ ਪ੍ਰੋਗਰਾਮ ਸੁਚੱਜੇ ਅਤੇ ਸ਼ਾਂਤਮਈ ਢੰਗ ਨਾਲ ਸੰਪੰਨ ਹੋਇਆ। ਗਲਾਸਗੋ ਮੇਲਾ ਹਰ ਸਾਲ ਸਕਾਟਲੈਂਡ ਦੀ ਬਹੁ-ਸੱਭਿਆਚਾਰਕ ਪਛਾਣ ਨੂੰ ਉਜਾਗਰ ਕਰਨ ਅਤੇ ਵੱਖ-ਵੱਖ ਭਾਈਚਾਰਿਆਂ ਨੂੰ ਇੱਕ ਮੰਚ ’ਤੇ ਲਿਆਉਣ ਦਾ ਮਹੱਤਵਪੂਰਨ ਸਾਧਨ ਬਣਿਆ ਹੋਇਆ ਹੈ। ਇਸ ਸਾਲ ਵੀ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਅਤੇ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਨੇ ਇਸ ਮੇਲੇ ਨੂੰ ਯਾਦਗਾਰ ਬਣਾ ਦਿੱਤਾ।