07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਦੁਆਰਾ ਓਡਬੀ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 08-07-2026
ਲੈਸਟਰ (ਇੰਗਲੈਂਡ), 7 ਜੁਲਾਈ (ਸੁਖਵਿੰਦਰ ਸਿੰਘ ਢੱਡੇ)-ਧਰਮ ਪ੍ਰਚਾਰ ਦੇ ਪ੍ਰਸਿੱਧ ਕੇਂਦਰ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਓਡਬੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੀਰੀ-ਪੀਰੀ ਦੇ ਮਾਲਕ, ਬੰਦੀਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 431ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿੱਚ ਆਪਣੀ ਸ਼ਰਧਾ ਭੇਟ ਕੀਤੀ। ਦੀਵਾਨਾਂ ਦੌਰਾਨ ਭਾਈ ਬਲਵਿੰਦਰ ਸਿੰਘ ਜੀ, ਪੰਥ ਪ੍ਰਸਿੱਧ ਰਾਗੀ ਅਤੇ ਢਾਡੀ ਬਾਬਾ ਬਹਾਦਰ ਸਿੰਘ ਜੀ ਰਾਕਟ, ਗਿਆਨੀ ਬਲਵੰਤ ਸਿੰਘ ਜੀ ਲਿੱਤਰਾਂ ਵਾਲੇ, ਭਾਈ ਜਸਵੰਤ ਸਿੰਘ ਜੀ ਅਤੇ ਭਾਈ ਸੁਖਵਿੰਦਰ ਸਿੰਘ ਜੀ ਨੇ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ, ਉੱਚੇ ਆਦਰਸ਼ਾਂ ਅਤੇ ਸਿੱਖ ਇਤਿਹਾਸ ਨਾਲ ਜੋੜਦਿਆਂ ਨਿਹਾਲ ਕੀਤਾ। ਉਪਰੰਤ ਪ੍ਰਸਿੱਧ ਸਿੱਖ ਵਿਦਵਾਨ ਗਿਆਨੀ ਰਣਧੀਰ ਸਿੰਘ ਸੰਭਲ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦੇ ਸਿਧਾਂਤ ਦੀ ਮਹੱਤਤਾ ਉਜਾਗਰ ਕੀਤੀ। ਉਨ੍ਹਾਂ ਨੇ ਗਿਆਨੀ ਬਹਾਦਰ ਸਿੰਘ ਜੀ ਰਾਕਟ ਅਤੇ ਸਾਹਿਤਕਾਰ ਗਿਆਨੀ ਬਲਵੰਤ ਸਿੰਘ ਜੀ ਲਿੱਤਰਾਂ ਵਾਲਿਆਂ ਦੇ ਪਰਉਪਕਾਰੀ ਜੀਵਨ ਅਤੇ ਪੰਥਕ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਸਮਾਜ ਲਈ ਪ੍ਰੇਰਣਾ ਸਰੋਤ ਹਨ। ਇਸ ਮੌਕੇ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਪ੍ਰਚਾਰਕ ਬਾਬਾ ਬਹਾਦਰ ਸਿੰਘ ਜੀ ਰਾਕਟ ਨੂੰ ਗੁਰੂ ਘਰ ਅਤੇ ਪੰਥ ਪ੍ਰਤੀ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਲੰਬੇ ਸਮੇਂ ਦੀਆਂ ਸੇਵਾਵਾਂ ਦੇ ਸਨਮਾਨ ਵਜੋਂ ਗੁਰੂ ਨਾਨਕ ਸਿੰਘ ਸਭਾ ਯੂ.ਕੇ. ਦੇ ਮੁਖੀ ਗਿਆਨੀ ਬਲਵੰਤ ਸਿੰਘ ਜੀ ਲਿੱਤਰਾਂ ਵਾਲੇ, ਸੰਗੀਤ ਸਾਹਿਤਕਾਰ ਗਿਆਨੀ ਗੁਰਮੀਤ ਸਿੰਘ ਸੰਧੂ ਅਤੇ ਸ੍ਰੀ ਹਰਜਿੰਦਰ ਸਿੰਘ ਰਾਏ ਵੱਲੋਂ ਸਿਰੋਪਾਓ ਅਤੇ ਯਾਦਗਾਰੀ ਪੰਥਕ ਚਿੰਨ ਭੇਟ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸੰਤੋਖ ਸਿੰਘ ਅਟਵਾਲ ਕੌਂਸਲਰ, ਜੋਗਿੰਦਰ ਸਿੰਘ, ਕੁਲਤਾਰਨ ਸਿੰਘ, ਸੰਗੀਤਕਾਰ ਭਾਈ ਬਲਰਾਜ ਸਿੰਘ, ਮਹਿੰਦਰਪਾਲ ਸਿੰਘ, ਭਾਈ ਦਰਸ਼ਨ ਸਿੰਘ, ਗੁਰਮੇਲ ਸਿੰਘ, ਕੋਹਿਨੂਰ ਰੇਡੀਓ ਦੇ ਪੇਸ਼ਕਾਰ ਰੂਪ ਰਾਏ, ਭਾਈ ਮਨਵਿੰਦਰ ਸਿੰਘ, ਨਰਿੰਦਰ ਸਿੰਘ ਸੂਦਨ, ਗਿਆਨੀ ਦਲਜੀਤ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਗੋਬਿੰਦ ਸਿੰਘ, ਭਾਈ ਅਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੰਥ ਪ੍ਰਸਿੱਧ ਕਵੀ, ਵਿਦਵਾਨ ਅਤੇ ਸੰਗਤਾਂ ਹਾਜ਼ਰ ਸਨ। ਸਮਾਗਮ ਦਾ ਮੰਚ ਸੰਚਾਲਨ ਸੰਗੀਤਕਾਰ ਗਿਆਨੀ ਸੁਖਦੇਵ ਸਿੰਘ ਜੀ ਨੇ ਇਤਿਹਾਸਕ ਪ੍ਰਸੰਗਾਂ ਦੀ ਰੌਸ਼ਨੀ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ। ਅੰਤ ਵਿੱਚ ਗਿਆਨੀ ਬਲਵੰਤ ਸਿੰਘ ਜੀ ਲਿੱਤਰਾਂ ਵਾਲਿਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਸੰਗਤ, ਕਵੀ ਜਨਾਂ, ਬੁਲਾਰਿਆਂ ਅਤੇ ਸਹਿਯੋਗੀ ਸੱਜਣਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰਗਟ ਕੀਤਾ। ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਦਾ ਸੰਗਤਾਂ ਨੇ ਬੜੀ ਸ਼ਰਧਾ ਨਾਲ ਆਨੰਦ ਮਾਣਿਆ।
Ad Position 22
No active advertisement
ਪਿਛਲੀ ਖ਼ਬਰ ਨਾਟੋ ਸੰਮੇਲਨ ਤੋਂ ਪਹਿਲਾਂ ਟਰੰਪ ਦਾ ਸਖ਼ਤ ਸੰਦੇਸ਼, ਸਹਿਯੋਗੀ ਦੇਸ਼ ਰੱਖਿਆ ਖ਼ਰਚ ਵਧਾਉਣ, ਅਮਰੀਕਾ ਇਕੱਲਾ ਬੋਝ ਨਹੀਂ ਢੋ... ਅਗਲੀ ਖ਼ਬਰ 10 ਸਾਲ ਪਹਿਲਾਂ ਟਰੰਪ ਦੇ ਸਖ਼ਤ ਵਿਰੋਧੀ, ਅੱਜ ਸਭ ਤੋਂ ਭਰੋਸੇਮੰਦ ਸਾਥੀ ਬਣੇ ਜੇ.ਡੀ. ਵੈਂਸ
Ad Position 24
No active advertisement