ਨਿਊਯਾਰਕ, 7 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਓਹਾਇਓ ਸੂਬੇ ਦੇ ਰਿਟਮੈਨ ਸ਼ਹਿਰ ’ਚ ਐਤਵਾਰ ਦੇਰ ਰਾਤ ਵਾਪਰੀ ਭਿਆਨਕ ਗੋਲੀਬਾਰੀ ਨੇ ਪੂਰੇ ਇਲਾਕੇ ਨੂੰ ਦਹਿਸ਼ਤ ’ਚ ਪਾ ਦਿੱਤਾ। ਇਸ ਖ਼ੂਨੀ ਘਟਨਾ ਵਿਚ 10 ਸਾਲਾਂ ਤੋਂ ਸੇਵਾ ਨਿਭਾ ਰਹੇ ਪੁਲਿਸ ਸਾਰਜੈਂਟ ਸਕਾਟ ਰੀਸ, ਇਕ 44 ਸਾਲਾ ਮਾਂ ਕ੍ਰਿਸਟੀਨ ਮੈਕਵਿਲੀਅਮਜ਼, ਉਸ ਦੀ 13 ਸਾਲਾ ਧੀ ਮੈਕਿਨਲੀ ਮੈਕਵਿਲੀਅਮਜ਼ ਅਤੇ ਹਮਲਾਵਰ ਬ੍ਰੈਂਡਨ ਫਾਜ਼ੇਕਾਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਰਾਤ ਕਰੀਬ 9:30 ਵਜੇ 911 ’ਤੇ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤਾਂ ਹਮਲਾਵਰ ਨੇ ਅਚਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਮੈਡੀਨਾ ਕਾਊਂਟੀ ਸ਼ੈਰਿਫ ਦਫ਼ਤਰ ਦੇ ਚਾਰ ਡਿਪਟੀ ਵੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਜਦਕਿ ਦੋ ਹੋਰਾਂ ਨੂੰ ਮੌਕੇ ‘ਤੇ ਹੀ ਇਲਾਜ ਦੇ ਕੇ ਛੁੱਟੀ ਦੇ ਦਿੱਤੀ ਗਈ। ਇਸ ਮੁਕਾਬਲੇ ਦੌਰਾਨ ਸ਼ੈਰਿਫ ਵਿਭਾਗ ਦਾ ਪੁਲਿਸ ਕੁੱਤਾ ਕੇ-9 “ਵਿਕ” ਵੀ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਇਲਾਜ ਇੱਕ ਪਸ਼ੂ ਹਸਪਤਾਲ ਵਿੱਚ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਇਲਾਕੇ ਨੂੰ ਘੇਰ ਕੇ ਓਹਾਇਓ ਬਿਊਰੋ ਆਫ਼ ਕਰਿਮਿਨਲ ਇਨਵੈਸਟੀਗੇਸ਼ਨ ਸਮੇਤ ਕਈ ਜਾਂਚ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਗੋਲੀਬਾਰੀ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਇਸ ਦਰਦਨਾਕ ਘਟਨਾ ਨੇ ਇੱਕ ਵਾਰ ਫਿਰ ਅਮਰੀਕਾ ਵਿੱਚ ਵੱਧ ਰਹੀ ਹਥਿਆਰਬੰਦ ਹਿੰਸਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।