ਸਾਨ ਫਰਾਂਸਿਸਕੋ, 8 ਜੁਲਾਈ (ਐਸ. ਅਸ਼ੋਕ ਭੌਰਾ)-1776 ਈਸਵੀ ’ਚ ਬਰਤਾਨੀਆ ਤੋਂ ਮੁਕਤ ਹੋਣ ਵਾਲੇ ਅਮਰੀਕਾ’ ’ਚ 25ਵੇਂ ਆਜਾਦੀ ਜਸ਼ਨਾਂ ਤਹਿਤ ਜਹਾਜ ਦੇ ਖੋਜੀ ਭਰਾਵਾਂ ਰਾਈਟ ਬ੍ਰਦਰਜ਼ ਤੇ ਜਹਾਜ਼ ਦੀ ਜਨਮ ਭੂਮੀ ਕਰਕੇ ਜਾਣੇ ਜਾਂਦੇ ਸ਼ਹਿਰ ਡੇਟਨ (ਓਹਾਇਓ) ’ਚ ਕਰਵਾਈ ਪ੍ਰੇਡ ਆਪਣਾ ਵੱਖਰਾ ਇਤਿਹਾਸ ਰੱਖਦੀ ਹੈ। ਇਸ ਦੇ ਨੇੜੇ ਲਗਦੇ ਸ਼ਹਿਰ ਫੇਅਰਬੋਰਨ ਤੇ ਬੀਵਰਕਰੀਕ ਦੀਆਂ ਪਰੇਡਾਂ ਵਿਚ ਸਿੱਖ ਭਾਈਚਾਰੇ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਵਿਚ ਹਰ ਵਰਗ, ਧਰਮ, ਨਸਲ ਤੇ ਰੰਗ ਦੇ ਲੋਕਾਂ ਨੇ ਸ਼ਾਮਲ ਹੋ ਕੇ ਅਮਰੀਕਾ ਦੀ ਆਜ਼ਾਦੀ ਦਾ ਜਸ਼ਨ ਮਨਾਇਆ। ਸਮਾਜ ਸੇਵੀ ਅਵਤਾਰ ਸਿੰਘ ਸਪਰਿੰਗ ਫੀਲਡ ਵੱਲੋਂ ਤਿਆਰ ਕੀਤੀ ਗਈ ਸਿੱਖ ਝਾਕੀ ਨੂੰ ਅਮਰੀਕੀ ਝੰਡਿਆਂ, ਬੈਨਰਾਂ ਤੇ ਪੋਸਟਰਾਂ ਨਾਲ ਸਜਾਇਆ ਗਿਆ। ਪਵਿੱਤਰ (ਬੌਬੀ) ਸਿੱਧੂ, ਵਰਿੰਦਰ ਸਿੰਘ ਰੰਧਾਵਾ ਤੇ ਸਤਵੰਤ ਸਿੰਘ ਦਿਓਲ ਵਲੋਂ ਆਪਣੀਆਂ ਜੀਪਾਂ ’ਤੇ ਅਮਰੀਕੀ ਝੰਡੇ ਤੇ ਸਿੱਖਸ ਇਨ ਅਮਰੀਕਾ ਦੇ ਬੈਨਰ ਲਗਾਏ ਹੋਏ ਸਨ, ਜਿਨ੍ਹਾਂ ਰਾਹੀਂ ਸਿੱਖ ਭਾਈਚਾਰੇ ਵੱਲੋਂ ਅਮਰੀਕਾ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਗਈ। ‘ਯੂਨਾਈਟਡ ਵਾਟਰ ਰੀਸਟੋਰੇਸ਼ਨ’ ਦੇ ਪਾਲ ਚਤਰਥ ਨੇ ਵੀ ਆਪਣੀ ਟੀਮ ਨਾਲ ਪਰੇਡ ’ਚ ਹਿੱਸਾ ਲਿਆ। ਪਰੇਡ ਦੇ ਰਸਤੇ ’ਚ ਹਜ਼ਾਰਾਂ ਲੋਕਾਂ ਵੱਲੋਂ ‘ਹੈਪੀ ਫੋਰਥ ਜੁਲਾਈ, ਹੈਪੀ ਇੰਡੀਪੈਂਡੈਂਸ ਡੇਅ’ ਦੀਆਂ ਗੂੰਜਾਂ ਨਾਲ ਸਵਾਗਤ ਕੀਤਾ ਗਿਆ। ਸਿੱਖਾਂ ਦੀ ਨਵੇਕਲੀ ਪਛਾਣ ਵੀ ਪਰੇਡ ਵਿਚ ਖਿੱਚ ਦਾ ਕੇਂਦਰ ਬਣੀ ਰਹੀ ਤੇ ਕਈਆਂ ਨੇ ਸਿਖਾਂ ਬਾਰੇ ਜਾਣਕਾਰੀ ਲੈਣ ’ਚ ਵੀ ਦਿਲਚਸਪੀ ਦਿਖਾਈ। ਜਦੋਂ ਇਹ ਝਾਕੀ ਮੁਖ ਸਟੇਜ ਕੋਲੋਂ ਗੁਜਰੀ ਤਾਂ ਪ੍ਰਬੰਧਕਾਂ ਵੱਲੋਂ ਵੀ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਸਿੱਖਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।