ਨਿਊਯਾਰਕ, 9 ਜੁਲਾਈ (ਰਾਜੂ ਸਹਿਬਾਜ਼ਪੁਰਾ )– ਅਮਰੀਕੀ ਨੇਵੀ ਨੇ ਅਰਬ ਸਾਗਰ ਵਿੱਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਲਾਪਤਾ ਹੋਏ ਅਧਿਕਾਰੀ ਦੀ ਪਛਾਣ ਕਮਾਂਡਰ ਗੈਬਰੀਅਲ ਐਡਵਰਡਜ਼ ਵਜੋਂ ਕੀਤੀ ਹੈ। ਨੇਵੀ ਅਨੁਸਾਰ 1 ਜੁਲਾਈ ਨੂੰ ਅਰਬ ਸਾਗਰ ਵਿਚ ਇੱਕ ਹੈਲੀਕਾਪਟਰ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਿਸ ਤੋਂ ਬਾਅਦ ਕਮਾਂਡਰ ਐਡਵਰਡਜ਼ ਲਾਪਤਾ ਹੋ ਗਏ। ਉਨ੍ਹਾਂ ਦੀ ਭਾਲ ਲਈ ਅਮਰੀਕੀ ਨੇਵੀ ਅਤੇ ਏਅਰ ਫੋਰਸ ਨੇ 102 ਘੰਟਿਆਂ ਤੋਂ ਵੱਧ ਸਮੇਂ ਤੱਕ 14,000 ਵਰਗ ਮੀਲ ਤੋਂ ਵੱਧ ਸਮੁੰਦਰੀ ਖੇਤਰ ਵਿੱਚ ਵਿਆਪਕ ਖੋਜ ਮੁਹਿੰਮ ਚਲਾਈ। ਉਨ੍ਹਾਂ ਦਾ ਕੋਈ ਸੁਰਾਗ ਨਾ ਮਿਲਣ ਕਾਰਨ 5 ਜੁਲਾਈ ਨੂੰ ਖੋਜ ਮੁਹਿੰਮ ਰੋਕ ਦਿੱਤੀ ਗਈ। ਕੈਰੀਅਰ ਸਟ੍ਰਾਈਕ ਗਰੁੱਪ-10 ਦੇ ਕਮਾਂਡਰ ਰੀਅਰ ਐਡਮਿਰਲ ਟੌਡ ਸਿਮਿਕਾਟਾ ਨੇ ਕਿਹਾ ਕਿ ਕਮਾਂਡਰ ਗੈਬਰੀਅਲ ਐਡਵਰਡਜ਼ ਇੱਕ ਬਹਾਦਰ ਸੈਨਿਕ ਹੀ ਨਹੀਂ, ਸਗੋਂ ਇੱਕ ਸਮਰਪਿਤ ਪਤੀ, ਪਿਆਰ ਕਰਨ ਵਾਲੇ ਪਿਤਾ, ਭਰੋਸੇਮੰਦ ਦੋਸਤ ਅਤੇ ਪ੍ਰੇਰਣਾਦਾਇਕ ਆਗੂ ਵੀ ਸਨ। ਉਨ੍ਹਾਂ ਦੀ ਬਹਾਦਰੀ ਅਤੇ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ।