ਸੈਕਰਾਮੈਂਟੋ, 9 ਜੁਲਾਈ (ਹੁਸਨ ਲੜੋਆ ਬੰਗਾ) – ਅਖਬਾਰਾਂ ਦੀ ਸੁਰਖੀਆਂ ਬਣੇ ਇਕ ਮਾਮਲੇ ਵਿੱਚ ਪਾਸਾਡੇਨਾ ਦੇ ਰੇਡੀਓਲੋਜਿਸਟ ਧਰਮੇਸ਼ ਪਟੇਲ ਵਿਰੁੱਧ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਨੂੰ ਅਦਾਲਤ ਦੁਆਰਾ ਰੱਦ ਕਰ ਦਿੱਤਾ ਗਿਆ ਹੈ। ਅਦਾਲਤ ਨੇ ਇਹ ਫੈਸਲਾ ਪਟੇਲ ਦੁਆਰਾ ਪ੍ਰਵਾਨਿਤ ਮਾਨਸਿਕ ਸਿਹਤ ਪਰਵਰਤਨ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ ਸੁਣਾਇਆ। ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਸੀ ਕਿ ਪਟੇਲ ਨੇ ਜਾਣਬੁੱਝ ਕੇ ਕਾਰ ਨੂੰ ਉੱਤਰੀ ਕੈਲੀਫੋਰਨੀਆ ਦੀ ਇੱਕ ਖੱਡ ਵਿੱਚ ਸੁੱਟ ਦਿੱਤਾ ਸੀ ਜਿਸ ਕਾਰ ਵਿਚ ਉਸ ਦੀ ਪਤਨੀ ਤੇ ਦੋ ਛੋਟੇ ਬੱਚੇ ਸਵਾਰ ਸਨ। ਦੋਸ਼ਾਂ ਅਨੁਸਾਰ ਪਟੇਲ ਨੇ ਆਪਣੇ ਪਰਿਵਾਰ ਨੂੰ ਮਾਰਨ ਦੇ ਇਰਾਦੇ ਨਾਲ ਇਹ ਹਾਦਸਾ ਜਾਣਬੁਝ ਕੇ ਕੀਤਾ ਸੀ। ਇਹ ਘਟਨਾ ਜਨਵਰੀ 2023 ਵਿੱਚ ਵਾਪਰੀ ਸੀ। ਪਟੇਲ ਦੀ ਪਤਨੀ ਨੇਹਾ ਪਟੇਲ ਨੇ ਵੀ ਬਿਆਨ ਦਿੱਤਾ ਸੀ ਕਿ ਉਸ ਦੇ ਪਤੀ ਨੇ ਜਾਣਬੁਝ ਕੇ ਕਾਰ ਖੱਡ ਵਿਚ ਸੁੱਟੀ ਸੀ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਪਟੇਲ ਤੇ ਪਰਿਵਾਰ ਦੇ ਬਾਕੀ ਜੀਅ ਬਚ ਗਏ ਸਨ। ਅਦਾਲਤ ਵਿੱਚ ਮਨੋਵਿਗਿਆਨੀਆਂ ਨੇ ਗਵਾਹੀ ਦਿੱਤੀ ਕਿ ਜਦੋਂ ਹਾਦਸਾ ਹੋਇਆ ਤਾਂ ਪਟੇਲ ਵੱਡੇ ਤਣਾਅ ਵਿਚ ਸੀ। ਅਦਾਲਤ ਦੇ ਆਦੇਸ਼ਾਂ ’ਤੇ ਮਾਨਸਕ ਸਿਹਤ ਪ੍ਰੋਗਰਾਮ ਦੇ ਹਿੱਸੇ ਵਜੋਂ, ਪਟੇਲ ਨੇ ਮਨੋਵਿਗਿਆਨਕ ਦੇਖਭਾਲ ਪ੍ਰਾਪਤ ਕੀਤੀ, ਪਰਿਵਾਰਕ ਥੈਰੇਪੀ ਵਿੱਚ ਹਿੱਸਾ ਲਿਆ ਅਤੇ ਬੇਲਮੌਂਟ ਵਿੱਚ ਆਪਣੇ ਮਾਪਿਆਂ ਨਾਲ ਰਹਿੰਦੇ ਹੋਏ ਅਦਾਲਤ ਨੂੰ ਨਿਯਮਤ ਅਪਡੇਟ ਪ੍ਰਦਾਨ ਕੀਤੇ।