ਬੀਜਿੰਗ, 9 ਜੁਲਾਈ (ਏਜੰਸੀ)-ਦੱਖਣੀ ਚੀਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਕ ਗਰਮ-ਖੰਡੀ ਤੂਫਾਨ ਕਾਰਨ ਹੋਈ ਭਾਰੀ ਬਾਰਿਸ਼ ਤੇ ਉਸ ਤੋਂ ਬਾਅਦ ਆਏ ਹੜ੍ਹ ’ਚ 39 ਲੌਕਾਂ ਦੀ ਮੌਤ ਹੋ ਗਈ। ਨਾਨਨਿੰਗ ਸ਼ਹਿਰ ਦੇ ਉਪ ਮੇਅਰ ਡਿੰਗ ਵੇਈ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਹੇਂਗਝੋਉ ’ਚ ਹੋਈਆਂ, ਜਿਥੇ ਇਕ ਡੈਮ ਦਾ ਬੰਨ੍ਹ ਟੁੱਟ ਗਿਆ ਤੇ ਪਾਣੀ ਦਾ ਤੇਜ਼ ਵਹਾਅ ਸ਼ਹਿਰ ’ਚ ਦਾਖ਼ਲ ਹੋ ਗਿਆ, ਜਿਸ ਨਾਲ 26 ਲੋਕਾਂ ਦੀ ਜਾਨ ਚਲੀ ਗਈ। ਬਾਕੀ ਲੋਕ ਹੋਰ ਥਾਵਾਂ ’ਤੇ ਮਾਰੇ ਗਏ। ਤੂਫ਼ਾਨ ਮੇਸਾਕ ਕਾਰਨ ਗੁਆਂਗਸ਼ੀ ’ਚ ਰਿਕਾਰਡ ਬਾਰਿਸ਼ ਹੋਈ ਤੇ ਲੋਕ ਕਈ ਦਿਨਾਂ ਤੱਕ ਆਪਣੇ ਘਰਾਂ ਅੰਦਰ ਘਿਰੇ ਰਹੇ। ਮੰਗਲਵਾਰ ਨੂੰ ਦੱਸੀ ਗਈ ਮ੍ਰਿਤਕਾਂ ਦੀ ਗਿਣਤੀ 6 ਸੀ। ਬਚਾਅ ਮੁਹਿੰਮ ਤਹਿਤ 8000 ਤੋਂ ਜ਼ਿਆਦਾ ਰਾਹਤ ਕਰਮੀ ਤੇ 5700 ਕਿਸ਼ਤੀਆਂ ਲਗਾਈਆਂ ਗਈਆਂ ਹਨ।