ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਜ਼ਪੁਰਾ )-ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ਵਿਚ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫਾਈਨਲ ਵਿਚ ਪਹੁੰਚੀ ਅਰਜਨਟੀਨਾ ਦੀ ਟੀਮ ਹੁਣ ਇਕ ਨਵੇਂ ਵਿਵਾਦ ਵਿਚ ਘਿਰਦੀ ਨਜ਼ਰ ਆ ਰਹੀ ਹੈ। ਜਿੱਤ ਤੋਂ ਬਾਅਦ ਮੈਦਾਨ ਵਿਚ ਮਨਾਏ ਗਏ ਜਸ਼ਨ ਦੌਰਾਨ ਕੁਝ ਖਿਡਾਰੀਆਂ ਨੇ “ਲਾਸ ਮਾਲਵੀਨਾਸ ਸਨ ਅਰਜਨਟੀਨਾ” (ਮਾਲਵੀਨਾਸ ਅਰਜਨਟੀਨਾ ਦੀਆਂ ਹਨ) ਲਿਖਿਆ ਬੈਨਰ ਲਹਿਰਾਇਆ, ਜਿਸ ਨੂੰ ਲੈ ਕੇ ਫੀਫਾ ਅਨੁਸ਼ਾਸਨਾਤਮਕ ਕਾਰਵਾਈ ’ਤੇ ਵਿਚਾਰ ਕਰ ਸਕਦੀ ਹੈ। ਇਹ ਬੈਨਰ ਫਾਕਲੈਂਡ (ਮਾਲਵੀਨਾਸ) ਟਾਪੂਆਂ ਨਾਲ ਜੁੜੇ ਲੰਬੇ ਸਮੇਂ ਤੋਂ ਚੱਲ ਰਹੇ ਬ੍ਰਿਟੇਨ-ਅਰਜਨਟੀਨਾ ਸਰਹੱਦੀ ਵਿਵਾਦ ਦਾ ਪ੍ਰਤੀਕ ਮੰਨਿਆ ਜਾਂਦਾ ਹੈ। 1982 ਵਿਚ ਇਨ੍ਹਾਂ ਟਾਪੂਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ 74 ਦਿਨਾਂ ਦੀ ਜੰਗ ਹੋਈ ਸੀ, ਜਿਸ ਵਿਚ 255 ਬ੍ਰਿਟਿਸ਼ ਅਤੇ 649 ਅਰਜਨਟੀਨੀ ਸੈਨਿਕਾਂ ਸਮੇਤ ਕਈ ਲੋਕ ਮਾਰੇ ਗਏ ਸਨ। ਅੱਜ ਵੀ ਅਰਜਨਟੀਨਾ ਇਨ੍ਹਾਂ ਟਾਪੂਆਂ ‘ਤੇ ਆਪਣਾ ਦਾਅਵਾ ਕਰਦਾ ਹੈ, ਜਦਕਿ ਬ੍ਰਿਟੇਨ ਇਨ੍ਹਾਂ ਦਾ ਪ੍ਰਸ਼ਾਸਨ ਸੰਭਾਲ ਰਿਹਾ ਹੈ। ਫੀਫਾ ਅਤੇ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ ਬੋਰਡ ਦੇ ਨਿਯਮਾਂ ਅਨੁਸਾਰ ਮੈਦਾਨ ਅੰਦਰ ਰਾਜਨੀਤਿਕ ਸੰਦੇਸ਼, ਬੈਨਰ, ਨਾਅਰੇ ਜਾਂ ਪ੍ਰਤੀਕਾਂ ਦਾ ਪ੍ਰਦਰਸ਼ਨ ਮਨਾਹੀ ਹੈ।