08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਕੈਨੇਡਾ ਸਰਕਾਰ ਵਲੋਂ ਮਾਪਿਆਂ ਨੂੰ ਪੱਕੀ ਇਮੀਗ੍ਰੇਸ਼ਨ ਤੋਂ ਨਾਂਹ

Ad Position 21
No active advertisement
ਅਜੀਤ ਡੈਸਕ 17-07-2026
ਟੋਰਾਂਟੋ, 16 ਜੁਲਾਈ (ਸਤਪਾਲ ਸਿੰਘ ਜੌਹਲ) - ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਦੇਸ਼ ਵਾਸੀਆਂ ਦੇ ਵਿਦੇਸ਼ਾਂ ਵਿਚ ਰਹਿੰਦੇ ਮਾਪਿਆਂ/ਦਾਦਕਿਆਂ/ਨਾਨਕਿਆਂ ਵਾਸਤੇ ਪੱਕੀ ਇਮੀਗ੍ਰੇਸ਼ਨ ਵਾਸਤੇ ਦਰਵਾਜ਼ੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਵਲੋਂ ਦੇਸ਼ ਦੇ ਪੈਨਸ਼ਨ ਅਤੇ ਸਿਹਤ ਦੀ ਦੇਖਭਾਲ ਦੀਆਂ (ਮੁਫਤ) ਸੇਵਾਵਾਂ ਉੱਪਰ ਬੋਝ ਘੱਟ ਕਰਨ ਲਈ ਬੀਤੇ ਸਾਲਾਂ ਤੋਂ ਕੈਨੇਡਾ ਦੇ ਪੱਕੇ ਵਾਸੀਆਂ ਦੇ ਵਿਦੇਸ਼ਾਂ ਵਿਚ ਰਹਿੰਦੇ ਮਾਪਿਆਂ ਨੂੰ ਪਰਮਾਨੈਂਟ ਰੈਜ਼ੀਡੈਂਟ (ਪੀ.ਆਰ) ਨਹੀਂ ਬਣਨ ਦਿੱਤਾ ਜਾ ਰਿਹਾ ਅਤੇ ਪਰਿਵਾਰ ਇਕੱਠੇ ਕਰਨ ਦੇ ਬਦਲ ਵਜੋਂ ਸੁਪਰ ਵੀਜ਼ਾ ਪ੍ਰਚਾਰਿਆ ਜਾ ਰਿਹਾ ਹੈ। ਬੀਤੇ ਕੱਲ੍ਹ ਕੀਤੇ ਗਏ ਐਲਾਨ ਅਨੁਸਾਰ 2026 ਵਿਚ ਮਾਪਿਆਂ ਲਈ ਇਮੀਗ੍ਰੇਸ਼ਨ ਨਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਦਾ ਭਾਵ ਹੈ ਕਿ ਇਸ ਸਾਲ ਦੌਰਾਨ ਕੈਨੇਡਾ ਵਾਸੀਆਂ ਨੂੰ ਮਾਪੇ ਸਪਾਂਸਰ ਕਰਨ ਦੀ ਨਵੇਂ ਸਿਰੇ ਤੋਂ ਦਿਲਚਸਪੀ ਜਾਹਿਰ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਪਰ 2020 ਵਿਚ ਜੋ ਪੂਲ ਬਣਿਆ ਸੀ ਉਸ ਰਾਹੀਂ ਪ੍ਰਾਪਤ ਹੋਈਆਂ ਅਰਜੀਆਂ ਵਿਚੋਂ ਹੀ 15000 ਅਰਜੀਆਂ ਸਵਿਕਾਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਆਮ ਤੌਰ `ਤੇ ਇਮੀਗ੍ਰੇਸ਼ਨ ਵਿਭਾਗ ਵਲੋਂ ਵੱਧ ਅਰਜੀਆਂ ਲਈਆਂ ਜਾਂਦੀਆਂ ਹਨ ਤਾਂ ਕਿ ਅਧੂਰੀਆਂ ਜਾਂ ਅਯੋਗ ਅਰਜੀਆਂ ਰੱਦ ਹੋਣ ਮਗਰੋਂ ਨਿਰਧਾਰਤ ਕੋਟਾ ਪੂਰਾ ਕੀਤਾ ਜਾ ਸਕੇ। 2020 ਵਿਚ ਜਿਨ੍ਹਾਂ ਕੈਨੇਡਾ ਦੇ ਨਾਗਰਿਕਾਂ ਜਾਂ ਪੱਕੇ ਵਸਨੀਕਾਂ ਨੇ ਆਪਣੇ ਮਾਪੇ ਅਪਲਾਈ ਕਰਨ ਲਈ ਪੂਲ ਵਿਚ ਆਪਣੇ ਨਾਂਅ ਪਾਏ ਸਨ, ਬੀਤੇ ਸਾਲਾਂ ਤੋਂ ਸੀਮਤ ਗਿਣਤੀ ਵਿਚ ਉਨ੍ਹਾਂ ਨੂੰ ਹੀ ਅਪਲਾਈ ਕਰਨ ਦਾ ਸੱਦਾ ਮਿਲ਼ਦਾ ਰਿਹਾ ਹੈ ਅਤੇ ਪੂਲ ਵਿਚ ਹੋਰ ਨਾਂਅ ਦਾਖਲ ਨਹੀਂ ਹੋਣ ਦਿੱਤੇ ਗਏ। ਜੋ ਲੋਕ ਆਪਣੇ ਵਿਦੇਸ਼ਾਂ ਵਿਚ ਰਹਿ ਰਹੇ ਮਾਪਿਆਂ/ ਦਾਦਕਿਆਂ/ ਨਾਨਕਿਆਂ ਨੂੰ ਕੈਨੇਡਾ ਵਿਚ ਪੱਕੇ ਤੌਰ `ਤੇ ਨਹੀਂ ਸੱਦ ਪਾ ਰਹੇ ਉਨ੍ਹਾਂ ਵਾਸਤੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਸੁਪਰ (ਵਿਜ਼ਟਰ) ਵੀਜ਼ਾ ਨੂੰ ਵੀ ਇਕ ਕਾਰਗਰ ਸਾਧਨ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਸੁਪਰ ਵੀਜ਼ਾ ਧਾਰਕ ਨੂੰ 10 ਸਾਲਾਂ ਦਾ ਵੀਜ਼ਾ ਮਿਲ ਸਕਦਾ ਹੈ ਅਤੇ ਉਹ ਕੈਨੇਡਾ ਵਿਚ ਇਕ ਵਾਰ ਬਕਾਇਦਾ ਐਂਟਰੀ ਮਿਲਣ ਤੋਂ ਬਾਅਦ 5 ਸਾਲਾਂ ਤੱਕ ਰਹਿ ਸਕਦੇ ਹਨ ਅਤੇ ਇਹ ਠਾਹਰ ਲਗਾਤਾਰ 7 ਸਾਲਾਂ ਤੱਕ ਵਧਾਈ ਵੀ ਜਾ ਸਕਦੀ ਹੈ ਪਰ ਇਸ ਵਾਸਤੇ ਹੈਲਥ ਇੰਸ਼ੋਰੈਂਸ ਅਤੇ ਪਰਿਵਾਰ ਦੀ ਗੁਜਾਰੇ ਜੋਗੀ ਆਮਦਨ ਹੋਣਾ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਖ਼ਿਲਾਫ਼ ਜਿੱਤ ਮਗਰੋਂ ਅਰਜਨਟੀਨਾ ਦੇ ਜਸ਼ਨ ਨੇ ਖੜ੍ਹਾ ਕੀਤਾ ਨਵਾਂ ਵਿਵਾਦ ਅਗਲੀ ਖ਼ਬਰ ਅਮਰੀਕਾ ’ਚ ਧਰਮ ਬਾਰੇ ਪੁੱਛਣ ਤੋਂ ਬਾਅਦ ਭਾਰਤੀ ਵਿਅਕਤੀ ’ਤੇ ਚਾਕੂ ਨਾਲ ਹਮਲਾ
Ad Position 24