ਅਮਰੀਕੀ ਸਿੱਖ ਸੰਸਥਾਵਾਂ ਵਲੋਂ ਅਮਿਤ ਸ਼ਾਹ ਤੇ ਅਜੀਤ ਡੋਵਾਲ ਨੂੰ ਅਮਰੀਕਾ ਹਵਾਲੇ ਕਰਨ ਦੀ ਮੰਗ
ਅਜੀਤ ਡੈਸਕ
17-07-2026
ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਦੀਆਂ ਪ੍ਰਮੁੱਖ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੀ ਇਕ ਕਾਨਫਰੰਸ ਕਾਲ ਵਿਚ ਅਮਰੀਕਾ ਦੀ ਫੈਡਰਲ ਅਦਾਲਤ ਦੇ ਸੈਂਟਰਲ ਡਿਸਟ੍ਰਿਕਟ ਆਫ਼ ਕੈਲੀਫ਼ੋਰਨੀਆ ਵਿਚ ਭਾਰਤ ਸਰਕਾਰ ਨਾਲ ਕਥਿਤ ਸਬੰਧ ਰੱਖਣ ਵਾਲੇ ਅਪਰਾਧਿਕ ਗਰੋਹਾਂ ਖ਼ਿਲਾਫ਼ ਦਾਇਰ ਕੀਤੇ ਗਏ ਦੋਸ਼-ਪੱਤਰਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਐਫ਼.ਬੀ.ਆਈ. ਦੀ ਕਾਰਵਾਈ ਦਾ ਭਰਵਾਂ ਸਵਾਗਤ ਕਰਦਿਆਂ ਅਮਰੀਕਾ ਅਤੇ ਕੈਨੇਡਾ ਦੇ ਗੁਰਦੁਆਰਿਆਂ ਵਿਚ ਜਾਗਰੂਕਤਾ ਮੁਹਿੰਮ ਚਲਾਉਣ, ਐਫ਼.ਬੀ.ਆਈ. ਵਲੋਂ ਲੋੜੀਂਦੇ ਐਲਾਨੇ ਗਏ ਮੁਲਜ਼ਮਾਂ ਦੇ ਪੋਸਟਰ ਲਗਾਉਣ ਅਤੇ ਸੰਗਤਾਂ ਨੂੰ ਇਸ ਮਾਮਲੇ ਬਾਰੇ ਜਾਣੂ ਕਰਵਾਉਣ ਦਾ ਸੱਦਾ ਦਿੱਤਾ ਗਿਆ। ਮੀਟਿੰਗ ਵਿਚ ਦੱਸਿਆ ਗਿਆ ਕਿ ਐਫ਼.ਬੀ.ਆਈ. ਦੇ ਲਾਸ ਏਂਜਲਸ ਫ਼ੀਲਡ ਦਫ਼ਤਰ ਦੇ ਸਹਾਇਕ ਡਾਇਰੈਕਟਰ ਪੈਟਰਿਕ ਗ੍ਰੈਂਡੀ ਅਨੁਸਾਰ ਕੈਲੀਫ਼ੋਰਨੀਆ ਵਿਚ 11, ਇੰਡੀਆਨਾ ਵਿਚ ਇਕ, ਜਾਰਜੀਆ ਵਿਚ ਇਕ, ਸਪੇਨ ਵਿਚ ਇਕ ਅਤੇ ਕੈਨੇਡਾ ਦੇ ਵੈਨਕੂਵਰ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਈ ਹੋਰ ਪਹਿਲਾਂ ਹੀ ਹਿਰਾਸਤ ਵਿਚ ਹਨ ਅਤੇ ਕੁਝ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ। ਮੀਟਿੰਗ ਵਿਚ ਸਰਬਸੰਮਤੀ ਨਾਲ ਮਤੇ ਪਾਸ ਕਰਦਿਆਂ ਐਫ਼.ਬੀ.ਆਈ. ਅਤੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਾਰਤ ਦੀ ਹਿਰਾਸਤ ਵਿਚ ਮੌਜੂਦ ਲਾਰੈਂਸ ਬਿਸ਼ਨੋਈ ਸਮੇਤ ਹੋਰ ਮੁਲਜ਼ਮਾਂ ਨੂੰ ਅਮਰੀਕਾ ਹਵਾਲੇ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਦੋਸ਼-ਪੱਤਰ ਵਿਚ ਦਰਜ ਕਥਿਤ ਦੋਸ਼ਾਂ ਦੇ ਹਵਾਲੇ ਨਾਲ ਅਮਿਤ ਸ਼ਾਹ ਅਤੇ ਅਜੀਤ ਡੋਵਾਲ ਨੂੰ ਵੀ ਅਮਰੀਕਾ ਹਵਾਲੇ ਕਰਨ ਦੀ ਮੰਗ ਉਠਾਈ ਗਈ। ਮੀਟਿੰਗ ਵਿਚ ਫ਼ਿਲਮ “ਸਤਲੁਜ” ਦੇ ਜਨਤਕ ਪ੍ਰਦਰਸ਼ਨ ਕਰਵਾਉਣ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਅਰਦਾਸਾਂ ਅਤੇ ਸ਼ਰਧਾਂਜਲੀ ਸਮਾਗਮ ਕਰਵਾਉਣ ਦੀ ਵੀ ਅਪੀਲ ਕੀਤੀ ਗਈ।
ਇਸ ਮੀਟਿੰਗ ’ਚ ਹਿੰਮਤ ਸਿੰਘ (ਕੋਆਰਡੀਨੇਟਰ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ), ਡਾ. ਪ੍ਰਿਤਪਾਲ ਸਿੰਘ (ਕੋਆਰਡੀਨੇਟਰ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ), ਦੇਵਿੰਦਰ ਬੋਪਾਰਾਏ (ਪ੍ਰਧਾਨ, ਸਿੱਖ ਕਲਚਰਲ ਸੋਸਾਇਟੀ, ਨਿਊਯਾਰਕ), ਹਰਜਿੰਦਰ ਸਿੰਘ (ਕਾਰਜਕਾਰੀ ਡਾਇਰੈਕਟਰ, ਅਮਰੀਕਨ ਸਿੱਖ ਕਾਕਸ ਕਮੇਟੀ), ਜੋਗਾ ਸਿੰਘ (ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਨਿਊ ਜਰਸੀ ਚੈਪਟਰ), ਜਸਵੰਤ ਸਿੰਘ ਹੋਠੀ (ਪ੍ਰਧਾਨ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ), ਸੁਰਜੀਤ ਸਿੰਘ ਕੁਲਾਰ (ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਮਰੀਕਾ), ਬਲਵਿੰਦਰ ਸਿੰਘ ਚੱਠਾ (ਵਰਲਡ ਸਿੱਖ ਪਾਰਲੀਮੈਂਟ), ਭਗਤ ਸਿੰਘ (ਵਰਲਡ ਸਿੱਖ ਪਾਰਲੀਮੈਂਟ, ਔਟਾਵਾ), ਜਸਵਿੰਦਰ ਸਿੰਘ ਜੰਡੀ (ਗੁਰਦੁਆਰਾ ਫ੍ਰੀਮਾਂਟ, ਕੈਲੀਫ਼ੋਰਨੀਆ), ਕੁਲਜੀਤ ਸਿੰਘ ਨਿੱਝਰ (ਸਟਾਕਟਨ ਗੁਰਦੁਆਰਾ, ਕੈਲੀਫ਼ੋਰਨੀਆ), ਦੇਵਿੰਦਰ ਸਿੰਘ ਦਿਓ (ਸਿੰਘ ਸਭਾ ਗੁਰਦੁਆਰਾ, ਵਰਜੀਨੀਆ), ਸੰਤੋਖ ਸਿੰਘ (ਵਰਲਡ ਸਿੱਖ ਪਾਰਲੀਮੈਂਟ, ਇੰਡੀਆਨਾ), ਸੁਰਿੰਦਰ ਗਿੱਲ (ਸਿੰਘ ਸਭਾ ਗੁਰਦੁਆਰਾ, ਡੈਲਸ), ਡਾ. ਹਰਦਮ ਸਿੰਘ ਆਜ਼ਾਦ (ਨੈਸ਼ਨਲ ਸਿੱਖ ਸੈਂਟਰ, ਹਿਊਸਟਨ), ਬਲਾਕਾ ਸਿੰਘ (ਸਿੱਖ ਯੂਥ ਆਫ਼ ਅਮਰੀਕਾ) ਅਤੇ ਹਰਪਾਲ ਸਿੰਘ (ਗੁਰਦੁਆਰਾ ਸੀਐਟਲ, ਵਾਸ਼ਿੰਗਟਨ) ਸਮੇਤ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਦੇ ਆਗੂ ਸ਼ਾਮਲ ਹੋਏ।
——-ਆਈਐਮਜੀ (100)——-
ਫੋਟੋ ’ਚ ਭਾਰਤੀ ਗੈਂਗਸਟਰ ਬਾਰੇ ਅਮਰੀਕਾ ਦੇ ਅਧਿਕਾਰੀ ਜਾਣਕਾਰੀ ਦਿੰਦੇ ਹੋਏ।