ਬੀਜਿੰਗ, 26 ਜੁਲਾਈ (ਪੀ.ਟੀ.ਆਈ.)-ਚੀਨ ਨੇ ਆਪਣੇ ਪਹਿਲੇ ਵਪਾਰਕ ਸੈਟੇਲਾਈਟ ਨੈੱਟਵਰਕ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ ਜੋ ਚੌਵੀ ਘੰਟੇ ਪੁਲਾੜ ਮਲਬੇ ਦਾ ਪਤਾ ਲਗਾਉਣ ਅਤੇ ਨਿਗਰਾਨੀ ਕਰਨ ਲਈ ਤਿਆਰ ਕੀਤਾ ਗਿਆ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ, 120-ਸੈਟੇਲਾਈਟ ਦਾ ਪਹਿਲਾ ਉਪਗ੍ਰਹਿ ਸ਼ੁੱਕਰਵਾਰ ਨੂੰ ਉੱਤਰ-ਪੱਛਮੀ ਚੀਨ ਤੋਂ ਲੀਜੀਅਨ-1 ਵਪਾਰਕ ਰਾਕੇਟ ਦੀ ਵਰਤੋਂ ਕਰਕੇ ਲਾਂਚ ਕੀਤਾ ਗਿਆ। ਇਹ ਉਪਗ੍ਰਹਿ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਧਾਰਤ ਔਨਬੋਰਡ ਕੰਪਿਊਟਰ ਨਾਲ ਲੈਸ ਹੈ, ਜਿਸ ਨਾਲ ਇਹ ਧਰਤੀ ਤੋਂ ਘੱਟੋ-ਘੱਟ ਨਿਰਦੇਸ਼ਾਂ ਨਾਲ ਨਿਗਰਾਨੀ ਅਤੇ ਖੋਜ ਕਾਰਜ ਕਰ ਸਕਦਾ ਹੈ।ਪੁਲਾੜ ਮਲਬਾ ਧਰਤੀ ਦੇ ਆਲੇ-ਦੁਆਲੇ ਘੁੰਮ ਰਹੇ ਉਪਗ੍ਰਹਿ ਤੇ ਹੋਰ ਵਸਤੂਆਂ ਨੂੰ ਦਰਸਾਉਂਦਾ ਹੈ ਜੋ ਹੁਣ ਵਰਤੋਂ ’ਚ ਨਹੀਂ ਹਨ। ਜ਼ਿਕਰਯੋਗ ਹੈ ਕਿ ਰਾਕੇਟ ਲਾਂਚ, ਗ੍ਰਹਿ ਮਿਸ਼ਨਾਂ ਤੇ ਔਰਬਿਟ ’ਚ ਸੈਟੇਲਾਈਟਾਂ ਦੀ ਕੁੱਲ ਗਿਣਤੀ ’ਚ ਵਾਧੇ ਦੇ ਨਾਲ-ਨਾਲ ਪੁਲਾੜ ਮਲਬੇ ਦੀ ਮਾਤਰਾ ਲਗਾਤਾਰ ਵਧ ਰਹੀ ਹੈ।