06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮਿਡਲੈਂਡਜ਼ ਅਕੈਡਮੀ ਆਫ਼ ਲਿਟਰੇਚਰ ਐਂਡ ਆਰਟ ਦੇ ਸਾਹਿਤਕ ਸਮਾਗਮ —ਪੰਜਾਬੀ ਸਾਹਿਤ ਦੀ ਮਹਿਕ, ਨਾਮਵਰ ਲੇਖਕਾਂ ਅਤੇ ਕਵੀਆਂ ਨੇ ਬੰਨ੍ਹਿਆ ਰੰਗ

Ad Position 21
No active advertisement
ਅਜੀਤ ਡੈਸਕ 27-07-2026
ਲੈਸਟਰ (ਇੰਗਲੈਡ), 26 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਮਿਡਲੈਂਡਜ਼ ਅਕੈਡਮੀ ਆਫ਼ ਲਿਟਰੇਚਰ ਐਂਡ ਆਰਟ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਯੂਕੇ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਨਾਮਵਰ ਨਾਵਲਕਾਰਾਂ, ਕਵੀਆਂ, ਗ਼ਜ਼ਲਗੋਆਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਰਵੀਂ ਸ਼ਮੂਲੀਅਤ ਕਰਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਸਮਾਗਮ ਦਾ ਮਕਸਦ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਨਵੀਂ ਅਤੇ ਪੁਰਾਣੀ ਸਾਹਿਤਕ ਪੀੜ੍ਹੀ ਵਿਚਕਾਰ ਸਾਂਝ ਨੂੰ ਮਜ਼ਬੂਤ ਕਰਨਾ ਸੀ।
ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਗਾਇਕ ਅਵਤਾਰ ਸਿੰਘ ਡੋਲ ਵੱਲੋਂ ਕਲਾਸੀਕਲ ਗਾਇਕੀ ਦੀ ਮਨਮੋਹਕ ਪੇਸ਼ਕਾਰੀ ਨਾਲ ਹੋਈ। ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਹਾਲ ਵਿੱਚ ਮੌਜੂਦ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਸਾਹਿਤਕ ਮਾਹੌਲ ਨੂੰ ਇੱਕ ਵਿਲੱਖਣ ਰੰਗ ਬਖ਼ਸ਼ਿਆ।
ਪਹਿਲੇ ਸਾਹਿਤਕ ਸੈਸ਼ਨ ਦੇ ਮੁੱਖ ਮਹਿਮਾਨ ਉੱਘੇ ਨਾਵਲਕਾਰ ਹਰਜੀਤ ਅਟਵਾਲ ਸਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਰਵਾਸੀ ਧਰਤੀ ‘ਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਜਿਊਂਦਾ ਰੱਖਣ ਲਈ ਅਜਿਹੇ ਉਪਰਾਲੇ ਬਹੁਤ ਹੀ ਮਹੱਤਵਪੂਰਨ ਹਨ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨ ਅਤੇ ਪੰਜਾਬੀ ਸਾਹਿਤ ਨੂੰ ਪੜ੍ਹਨ-ਲਿਖਣ ਲਈ ਪ੍ਰੇਰਿਤ ਕੀਤਾ।
ਇਸ ਸੈਸ਼ਨ ਦੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਪੰਜਾਬੀ ਗ਼ਜ਼ਲਗੋ ਸੁਰਿੰਦਰ ਸਿਹਰਾ ਸਨ। ਉਨ੍ਹਾਂ ਨੇ ਆਪਣੀਆਂ ਚੋਣਵੀਆਂ ਗ਼ਜ਼ਲਾਂ ਰਾਹੀਂ ਸਮਾਜਿਕ ਅਤੇ ਮਾਨਵੀ ਸੰਵੇਦਨਾਵਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ, ਜਿਸ ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਮਿਲੀ।
ਇਸ ਮੌਕੇ ਹਰਮਿੰਦਰ ਨੇਗੀ ਨੇ ਆਪਣੀ ਕਵਿਤਾ ਰਾਹੀਂ ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ, ਜਦਕਿ ਡਾ. ਜਸਵੰਤ ਬਿਲਖੂ ਨੇ ਹਾਸੇ-ਮਜ਼ਾਕ ਅਤੇ ਵਿਅੰਗਾਤਮਕ ਕਵਿਤਾਵਾਂ ਨਾਲ ਸਮਾਗਮ ਵਿੱਚ ਹਾਸੇ ਦੀ ਰੌਣਕ ਪੈਦਾ ਕਰ ਦਿੱਤੀ। ਜਸਵੰਤ ਕੌਰ ਬੈਂਸ ਨੇ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।
ਅੰਗਰੇਜ਼ੀ ਸਾਹਿਤ ਦੀ ਨੁਮਾਇੰਦਗੀ ਕਰਦਿਆਂ ਐਂਜੇਲਾ ਅਪਾਡੂ ਅਤੇ ਕਰੀਨਾ ਸ਼ੇਰ ਨੇ ਆਪਣੀਆਂ ਰਚਨਾਵਾਂ ਰਾਹੀਂ ਬਹੁ-ਸੱਭਿਆਚਾਰਕ ਸਮਾਜ ਵਿੱਚ ਸਾਹਿਤ ਦੀ ਭੂਮਿਕਾ ਉੱਤੇ ਚਾਨਣਾ ਪਾਇਆ। ਕ੍ਰਿਪਾਲ ਪੂਨੀ ਨੇ ਪੰਜਾਬੀ ਰਚਨਾਵਾਂ ਪੇਸ਼ ਕੀਤੀਆਂ, ਜਦਕਿ ਰੇਡੀਓ ਪੇਸ਼ਕਾਰ ਅਤੇ ਕਵੀ ਸ਼ਿੰਗਾਰਾ ਸਿੰਘ ਨੇ ਆਪਣੀ ਵਿਲੱਖਣ ਪੇਸ਼ਕਾਰੀ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਡਾ. ਕਰਨੈਲ ਸ਼ੇਰਗਿੱਲ ਨੇ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਸਾਹਿਤਕ ਵਿਭਿੰਨਤਾ ਦਾ ਸੁੰਦਰ ਪ੍ਰਗਟਾਵਾ ਕੀਤਾ।
ਇਸ ਉਪਰੰਤ ਹੋਏ ਕਵਿਤਾ ਸੈਸ਼ਨ ਦੇ ਮੁੱਖ ਮਹਿਮਾਨ ਪ੍ਰਸਿੱਧ ਕਵੀ ਦਰਸ਼ਨ ਬੁਲੰਧੀ ਸਨ। ਉਨ੍ਹਾਂ ਨੇ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਰਾਹੀਂ ਸਮਾਜ, ਮਨੁੱਖੀ ਰਿਸ਼ਤਿਆਂ ਅਤੇ ਪਰਵਾਸੀ ਜੀਵਨ ਦੇ ਅਨੇਕਾਂ ਪੱਖਾਂ ਨੂੰ ਛੂਹਿਆ। ਉਨ੍ਹਾਂ ਦੀ ਪੇਸ਼ਕਾਰੀ ਨੂੰ ਹਾਜ਼ਰੀਨ ਵੱਲੋਂ ਖੂਬ ਸਰਾਹਿਆ ਗਿਆ।
ਕਵਿਤਾ ਸੈਸ਼ਨ ਵਿੱਚ ਜਸਵਿੰਦਰ ਮਾਨ ਨੇ ਆਪਣੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੀ ਵਾਹ-ਵਾਹ ਖੱਟੀ। ਜਸਮੇਰ ਸਿੰਘ ਲਾਲ, ਸ਼ਿੰਦਰ ਕੌਰ ਰਾਏ, ਰਾਨੀ, ਕੁਲਦੀਪ ਕੌਰ, ਕੰਵਲਜੀਤ ਸਿੰਘ, ਜਗਦੀਸ਼ ਸਿੰਘ ਅਤੇ ਨਾਹਿਲ ਸਾਹਿਬ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਸਮਾਗਮ ਨੂੰ ਸਾਹਿਤਕ ਰੰਗਾਂ ਨਾਲ ਸਰਾਬੋਰ ਕਰ ਦਿੱਤਾ। ਹਰ ਕਵੀ ਦੀ ਪੇਸ਼ਕਾਰੀ ਨੂੰ ਸਰੋਤਿਆਂ ਨੇ ਤਾੜੀਆਂ ਦੀ ਗੂੰਜ ਨਾਲ ਸਨਮਾਨਿਤ ਕੀਤਾ।
ਸਮਾਗਮ ਵਿੱਚ ਲਗਭਗ 20 ਹੋਰ ਸਾਹਿਤ ਪ੍ਰੇਮੀਆਂ ਅਤੇ ਸਰੋਤਿਆਂ ਨੇ ਵੀ ਸ਼ਮੂਲੀਅਤ ਕੀਤੀ। ਪੂਰੇ ਸਮਾਗਮ ਦੌਰਾਨ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਪਰਵਾਸੀ ਜੀਵਨ ਨਾਲ ਜੁੜੇ ਵਿਸ਼ਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੁੰਦਾ ਰਿਹਾ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਰਵਾਸ ਵਿੱਚ ਰਹਿੰਦਿਆਂ ਆਪਣੀ ਮਾਂ-ਬੋਲੀ ਅਤੇ ਸੱਭਿਆਚਾਰ ਨਾਲ ਜੁੜੇ ਰਹਿਣਾ ਸਮੇਂ ਦੀ ਵੱਡੀ ਲੋੜ ਹੈ ਅਤੇ ਸਾਹਿਤ ਇਸ ਸਬੰਧ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ।
ਵਕਤਾਵਾਂ ਨੇ ਮਿਡਲੈਂਡਜ਼ ਅਕੈਡਮੀ ਆਫ਼ ਲਿਟਰੇਚਰ ਐਂਡ ਆਰਟ ਵੱਲੋਂ ਲਗਾਤਾਰ ਕਰਵਾਏ ਜਾ ਰਹੇ ਸਾਹਿਤਕ ਸਮਾਗਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨਾ ਸਿਰਫ਼ ਸਾਹਿਤਕਾਰਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਦੇ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੀ ਭਾਸ਼ਾ ਅਤੇ ਵਿਰਾਸਤ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਸਮਾਗਮ ਦਾ ਮਾਹੌਲ ਸ਼ੁਰੂ ਤੋਂ ਅੰਤ ਤੱਕ ਸਾਹਿਤਕ ਰੰਗ ਵਿੱਚ ਰੰਗਿਆ ਰਿਹਾ। ਕਵਿਤਾ, ਗ਼ਜ਼ਲ, ਹਾਸ-ਵਿਅੰਗ, ਵਿਚਾਰ-ਵਟਾਂਦਰੇ ਅਤੇ ਸੰਗੀਤ ਦੀ ਸੁੰਦਰ ਸਾਂਝ ਨੇ ਹਾਜ਼ਰੀਨ ਨੂੰ ਲੰਬੇ ਸਮੇਂ ਤੱਕ ਯਾਦ ਰਹਿਣ ਵਾਲਾ ਸਾਹਿਤਕ ਅਨੁਭਵ ਦਿੱਤਾ। ਅੰਤ ਵਿੱਚ ਹਾਜ਼ਰ ਸਾਹਿਤਕਾਰਾਂ ਅਤੇ ਸਰੋਤਿਆਂ ਨੇ ਮਿਡਲੈਂਡਜ਼ ਅਕੈਡਮੀ ਆਫ਼ ਲਿਟਰੇਚਰ ਐਂਡ ਆਰਟ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਉੱਚ ਪੱਧਰੀ ਸਾਹਿਤਕ ਸਮਾਗਮ ਕਰਵਾਉਣ ਦੀ ਆਸ ਪ੍ਰਗਟਾਈ।
Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਜੰਗਲਾਂ ਦੀ ਖੂਬਸੂਰਤੀ ਨੂੰ ਦਰਸਾਉਂਦੀ ਵਿਲੱਖਣ ਪ੍ਰਦਰਸ਼ਨੀ ਅਗਲੀ ਖ਼ਬਰ ਰੂਹ ਪੰਜਾਬ ਦੇ ਭੰਗੜਾ ਅਕੈਡਮੀ ਸਿਡਨੀ ਨੇ ਲਗਾਤਾਰ ਦੂਜੇ ਸਾਲ ਰਚਿਆ ਇਤਿਹਾਸ -ਸੀਨੀਅਰ ਮੁੰਡਿਆਂ ਤੇ ਕੁੜੀਆਂ ਦੀਆਂ ਟੀਮ...
Ad Position 24
No active advertisement