ਲੰਡਨ, 29 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦਾ 65ਵਾਂ ਸਥਾਪਨਾ ਦਿਵਸ 2 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦਾ ਵੱਡਾ ਇਤਿਹਾਸ ਹੈ। ਇਹ ਬਰਤਾਨੀਆਂ ਹੀ ਨਹੀਂ ਬਲਕਿ ਯੂਰਪ ਦੇ ਵੱਡੇ ਅਤੇ ਪੁਰਾਤਨ ਸਿੱਖ ਸਥਾਨਾਂ ਵਿੱਚੋਂ ਹੈ। ਉਹਨਾਂ ਦੱਸਿਆ ਕਿ 2 ਅਗਸਤ ਨੂੰ ਦੂਰੋਂ ਨੇੜਿਓ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਪਹੁੰਚ ਰਹੀਆਂ ਹਨ। ਇਸ ਮੌਕੇ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਸਮੈਦਿਕ ਗੁਰਦੁਆਰਾ ਸਾਹਿਬ 1961 ਨੂੰ ਸਥਾਪਿਤ ਹੋਇਆ ਸੀ।