ਭਾਰਤ ਬਣਿਆ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਓਵਰਆਲ ਚੈਂਪੀਅਨ
ਨਵੀਂ ਦਿੱਲੀ, 13 ਅਗਸਤ (ਪੀ. ਟੀ.
ਨਵੀਂ ਦਿੱਲੀ, 13 ਅਗਸਤ (ਪੀ.ਟੀ.ਆਈ.)-ਭਾਰਤ ਨੇ ਨਾਈਜੀਰੀਆ ਦੇ ਲਾਗੋਸ ’ਚ ਕਰਵਾਈ ਗਈ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ‘ਓਵਰਆਲ ਚੈਂਪੀਅਨ’ ਦਾ ਖਿਤਾਬ ਜਿੱਤਿਆ, ਜਿਸ ’ਚ ਦੇਸ਼ ਦੇ ਐਥਲੀਟਾਂ ਨੇ ਕੁੱਲ 35 ਤਗਮੇ ਜਿੱਤੇ। ਭਾਰਤੀ ਤਲਵਾਰਬਾਜ਼ਾਂ ਨੇ ਅੰਡਰ-23 ਤੇ ਸੀਨੀਅਰ ਸ਼੍ਰੇਣੀਆਂ ਵਿਚ 13 ਸੋਨ, 8 ਚਾਂਦੀ ਤੇ 14 ਕਾਂਸੀ ਦੇ ਤਗਮੇ ਜਿੱਤੇ। ਮੁਕਾਬਲੇ ਦੇ ਚੌਥੇ ਦਿਨ, ਸੀਨੀਅਰ ਭਾਰਤੀ ਤਲਵਾਰਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, 6 ਵਿੱਚੋਂ 5 ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤੇ। ਭਾਰਤ ਨੇ ਪੁਰਸ਼ਾਂ ਦੇ ਸੈਬਰ, ਮਹਿਲਾ ਸੈਬਰ, ਪੁਰਸ਼ਾਂ ਦੇ ਏ.ਪੀ., ਮਹਿਲਾ ਏ.ਪੀ. ਤੇ ਮਹਿਲਾ ਫੋਇਲ ਈਵੈਂਟਾਂ ਵਿਚ ਸੋਨ ਤਗਮੇ ਜਿੱਤੇ, ਜਦੋਂ ਕਿ ਪੁਰਸ਼ਾਂ ਦੇ ਫੋਇਲ ਸ਼੍ਰੇਣੀ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਲ ’ਤੇ, ਭਾਰਤ ਨੇ ‘ਵਿਲਕਿਨਸਨ ਤਲਵਾਰ ਟਰਾਫੀ’ ਵੀ ਜਿੱਤੀ। ਇਹ ਟਰਾਫੀ ਰਾਸ਼ਟਰਮੰਡਲ ਤਲਵਾਰਬਾਜ਼ੀ ਫੈਡਰੇਸ਼ਨ ਦੁਆਰਾ ਉਸ ਦੇਸ਼ ਨੂੰ ਦਿੱਤੀ ਜਾਂਦੀ ਹੈ ਜੋ ਪੂਰੇ ਟੂਰਨਾਮੈਂਟ ਦੌਰਾਨ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਾ ਹੈ। ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਸਕੱਤਰ ਜਨਰਲ ਰਾਜੀਵ ਮਹਿਤਾ ਨੇ ਇਕ ਬਿਆਨ ’ਚ ਕਿਹਾ ਕਿ ਪਹਿਲੀ ਵਾਰ ਰਾਸ਼ਟਰਮੰਡਲ ‘ਓਵਰਆਲ ਚੈਂਪੀਅਨ’ ਦਾ ਖਿਤਾਬ ਜਿੱਤਣਾ ਭਾਰਤੀ ਫੈਂਸਿੰਗ ਵਿਚ ਖਿਡਾਰੀਆਂ ਦੀ ਪ੍ਰਤਿਭਾ, ਅਨੁਸ਼ਾਸਨ ਤੇ ਸਖ਼ਤ ਮਿਹਨਤ ਦਾ ਪ੍ਰਮਾਣ ਹੈ।