ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ ਵਲੋਂ ‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ - ਵਾਦ ਸੰਵਾਦ’ ਪੁਸਤਕ ਕੈਲੀਫੋਰਨੀਆਂ ’ਚ ਲੋਕ ਅਰਪਣ
ਸਾਨ ਫਰਾਂਸਿਸਕੋ, 13 ਅਗਸਤ (ਐਸ. ਅਸ਼ੋਕ ਭੌਰਾ)-ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ (ਕੈਲੀਫੋਰਨੀਆ) ਵੱਲੋਂ ਆਪਣਾ ਸਾਲਾਨਾ ਸਮਾਗਮ ਇਥੇ ਮਨਟਿਕਾ ਵਿਖੇ ਕਰਵਾਇਆ ਗਿਆ।
ਸ
ਸਮਾਗਮ ਸਮੇਂ ਜੁੜੀਆਂ ਅਹਿਮ ਸਖਸ਼ੀਅਤਾਂ। ਤਸਵੀਰਃ ਐਸ ਅਸ਼ੋਕ ਭੌਰਾ
14-08-2026
ਸਾਨ ਫਰਾਂਸਿਸਕੋ, 13 ਅਗਸਤ (ਐਸ. ਅਸ਼ੋਕ ਭੌਰਾ)-ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ (ਕੈਲੀਫੋਰਨੀਆ) ਵੱਲੋਂ ਆਪਣਾ ਸਾਲਾਨਾ ਸਮਾਗਮ ਇਥੇ ਮਨਟਿਕਾ ਵਿਖੇ ਕਰਵਾਇਆ ਗਿਆ। ਸਮਾਗਮ ਦਾ ਸ਼ੁਭ-ਆਰੰਭ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਸੇਖੋਂ ਦੇ ਉਦਘਾਟਨੀ ਸ਼ਬਦਾਂ ਨਾਲ ਹੋਇਆ। ਉਪਰੰਤ ਪ੍ਰੋ. ਹਰਭਜਨ ਸਿੰਘ ਨੇ ‘ਵਿਦਰੋਹੀ ਬੋਲ’ ਦੀਆਂ ਕਵਿਤਾਵਾਂ ’ਚ ਵਿਦਮਾਨ ਥੀਮਗਤ ਪਹਿਲੂਆਂ ਤੇ ਪ੍ਰਤੀਕਾਂ ਬਾਰੇ ਖੋਜ ਭਰਪੂਰ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ‘ਛੱਟਾ ਚਾਨਣਾਂ ਦਾ ਦਈ ਜਾਣਾ’ (ਸੁਰਿੰਦਰ ਗਿੱਲ), ‘ਮਸ਼ਾਲਾਂ ਬਾਲ ਕੇ ਚੱਲਣਾ’ (ਮਹਿੰਦਰ ਸਾਥੀ), ‘ਦੀਵਿਆਂ ਦਾ ਗੀਤ’ (ਫ਼ਤਿਹਜੀਤ), ‘ਚਾਨਣ ਕਦੇ ਹਰਿਆ ਨਹੀਂ’ (ਸੰਤ ਰਾਮ ਉਦਾਸੀ), ‘ਲੋਅ ਜਗਾਓ’ (ਦਰਸ਼ਨ ਖਟਕੜ), ‘ਹੋਣਾ ਲਾਜ਼ਮ ਸਵੇਰਾ’ (ਪ੍ਰੋ. ਹਰਭਜਨ ਸਿੰਘ), ‘ਦਹਿਕਦੇ ਅੰਗਿਆਰਾਂ ’ਤੇ’ (ਪਾਸ਼) ਆਦਿ ਗੀਤਾਂ ਤੇ ਕਵਿਤਾਵਾਂ ਦੇ ਹਵਾਲੇ ਨਾਲ ਜੁਝਾਰਵਾਦੀ ਕਵਿਤਾ ਦੁਆਰਾ ਸਿਰਜੇ ਗਏ ‘ਚਾਨਣ’ ਦੇ ਸ਼ਕਤੀਸ਼ਾਲੀ ਵੰਨ-ਸੁਵੰਨੇ ਪ੍ਰਤੀਕਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਡਾ. ਗੁਰਪਾਲ ਸਿੰਘ ਸੰਧੂ ਦੁਆਰਾ ਸੰਪਾਦਿਤ ਤੇ ਲੋਕ ਗੀਤ ਮੁਹਾਲੀ ਦੁਆਰਾ ਪ੍ਰਕਾਸ਼ਿਤ ‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ – ਵਾਦ ਸੰਵਾਦ’ ਸੰਗ੍ਰਹਿ ਰੀਲੀਜ਼ ਕੀਤਾ ਗਿਆ। ਇਸ ਸੰਗ੍ਰਹਿ ਵਿਚ ਦਸ ਵਿਦਵਾਨ ਆਲੋਚਕਾਂ ਦੇ ਖੋਜ-ਪੱਤਰ ਅਤੇ ਪ੍ਰੋ. ਹਰਭਜਨ ਸਿੰਘ ਨਾਲ ਡਾ. ਮਨਜਿੰਦਰ ਸਿੰਘ ਦੁਆਰਾ ਕੀਤੀ ਮੁਲਾਕਾਤ ਸ਼ਾਮਲ ਹਨ ਅਤੇ ਸਾਰੇ ਖੋਜ-ਪੱਤਰ ਅਤੇ ਪ੍ਰੋ. ਹਰਭਜਨ ਸਿੰਘ ਦੀ ਮੁਲਾਕਾਤ ਲੱਗਭਗ ਇਕ ਸਦੀ ਵਿਚ ਹੋਈਆਂ ਲੋਕ-ਪੱਖੀ ਕਰਾਂਤੀਆਂ ਦੇ ਵਿਚਾਰਧਾਰਾਈ ਵਿਗਿਆਨਕ ਵਿਸ਼ਲੇਸ਼ਣ ਦੇ ਨਾਲ-ਨਾਲ ਸਾਮਰਾਜੀ ਤੰਤਰ ਦੇ ਨਵ-ਬਸਤੀਵਾਦੀ ਮਨਸੂਬਿਆਂ ਦਾ ਪਰਦਾ ਫਾਸ਼ ਕਰਦੇ ਹਨ। ਦੂਜੇ ਸੈਸ਼ਨ ਕਵੀ ਦਰਬਾਰ ਦੇ ਆਰੰਭ ਵਿਚ ਵਿਚ ਬੀਨਾ ਸਾਗਰ ਨੇ ਸੰਤ ਰਾਮ ਉਦਾਸੀ ਦੇ ਤਿੰਨ ਸ਼ਾਹਰਕਾਰ ਗੀਤ ਦਿਲ ਟੁੰਬਵੀਂ ਆਵਾਜ਼ ਵਿਚ ਗਾ ਕੇ ਫ਼ਿਜ਼ਾ ਨੂੰ ਕਰਾਂਤੀਕਾਰੀ ਸੰਗੀਤਕ ਤਰੰਗਾਂ ਨਾਲ ਭਰ ਦਿੱਤਾ। ਫਿਰ ਬਲਦੇਵ ਬਾਵਾ, ਜਿਓਤੀ ਸਿੰਘ, ਹਰਪ੍ਰੀਤ ਕੌਰ ਧੂਤ, ਤਾਰਾ ਸਾਗਰ, ਮਨਦੀਪ ਗੋਰਾ, ਕੁਲਵੰਤ ਸਿੰਘ ਸੇਖੋਂ, ਅਮਰੀਸ਼ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨਿ੍ਹਆਂ। ਸਮਾਗਮ ਦੌਰਾਨ ਡਾ. ਮਾਨ ਸਿੰਘ ਢੀਂਡਸਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਤੇ ਮੰਚ ਸੰਚਾਲਨ ਦੀ ਜ਼ਿਮੇਵਾਰੀ ਮਨਦੀਪ ਗੋਰਾ ਨੇ ਬਾਖ਼ੂਬੀ ਨਿਭਾਈ।