ਗੁਰੂ ਨਾਨਕ ਗੁਰਦੁਆਰਾ ਲੈਸਟਰ ਵਿਖੇ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਦਾ ਸਨਮਾਨ
ਲੈਸਟਰ, (ਇੰਗਲੈਂਡ), 8 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਗੁਰੂ ਨਾਨਕ ਗੁਰਦੁਆਰਾ ਸਾਹਿਬ, 9 ਹੋਲੀ ਬੋਨਸ, ਲੈਸਟਰ ਵਿਖੇ ਭਾਈ ਸੇਵਾ ਸਿੰਘ ਲੋਹਗੜ੍ਹ ਵਲੋਂ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਗੁਰਦੁਆਰਾ ਸਾਹਿਬ ਪਹੁੰਚਣ ’ਤੇ ਪ੍ਰਬੰਧਕਾਂ, ਪਤਵੰਤੇ ਸੱਜਣਾਂ ਅਤੇ ਸੰਗਤਾਂ ਵਲੋਂ ਸਿੰਘ ਸਾਹਿਬ ਜੀ ਦਾ ਬੜੇ ਸਤਿਕਾਰ ਅਤੇ ਉਤਸ਼ਾਹ ਨਾਲ ਭਰਵਾਂ ਸਵਾਗਤ ਕੀਤਾ ਗਿਆ।
ਲੈਸਟਰ, (ਇੰਗਲੈਂਡ), 8 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਗੁਰੂ ਨਾਨਕ ਗੁਰਦੁਆਰਾ ਸਾਹਿਬ, 9 ਹੋਲੀ ਬੋਨਸ, ਲੈਸਟਰ ਵਿਖੇ ਭਾਈ ਸੇਵਾ ਸਿੰਘ ਲੋਹਗੜ੍ਹ ਵਲੋਂ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਗੁਰਦੁਆਰਾ ਸਾਹਿਬ ਪਹੁੰਚਣ ’ਤੇ ਪ੍ਰਬੰਧਕਾਂ, ਪਤਵੰਤੇ ਸੱਜਣਾਂ ਅਤੇ ਸੰਗਤਾਂ ਵਲੋਂ ਸਿੰਘ ਸਾਹਿਬ ਜੀ ਦਾ ਬੜੇ ਸਤਿਕਾਰ ਅਤੇ ਉਤਸ਼ਾਹ ਨਾਲ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਨਾਲ ਭਾਈ ਦਰਸ਼ਨ ਸਿੰਘ ਕੰਗ, ਭਾਈ ਅਮਰੀਕ ਸਿੰਘ ਗਿੱਲ, ਮਨਜਿੰਦਰ ਸਿੰਘ ਮੁਲਤਾਨੀ , ਨਛੱਤਰ ਸਿੰਘ ਅਤੇ ਦਲਜੀਤ ਸਿੰਘ ਸਮੇਤ ਲੈਸਟਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ। ਸਮਾਗਮ ਦੌਰਾਨ ਭਾਈ ਜਸਬੀਰ ਸਿੰਘ ਜੋਹਲ ਵਲੋਂ ਰਖਵਾਏ ਗਏ ਸਹਿਜ ਪਾਠ ਦੇ ਭੋਗ ਸ਼ਰਧਾ ਅਤੇ ਸਤਿਕਾਰ ਸਹਿਤ ਪਾਏ ਗਏ। ਇਸ ਉਪਰੰਤ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਗਈ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਧਾਰਮਿਕ ਸਮਾਗਮ ਵਿਚ ਸ਼ਾਮਿਲ ਸੰਗਤਾਂ ਨੇ ਗੁਰਬਾਣੀ ਸਰਵਣ ਕੀਤੀ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ।ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਨਾਲ ਜੁੜਨ, ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ, ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਗੁਰਬਾਣੀ ਤੇ ਸਿੱਖ ਵਿਰਸੇ ਨਾਲ ਜੋੜਨ ਲਈ ਪ੍ਰੇਰਿਤ ਕੀਤਾ।ਇਸੇ ਦੌਰਾਨ ਕੁਲਵਿੰਦਰ ਸਿੰਘ ਜੋਹਲ ਨੂੰ ਲਾਰਡ ਮੇਅਰ ਬਣਨ ’ਤੇ ਵਿਸ਼ੇਸ਼ ਵਧਾਈ ਦਿੱਤੀ ਗਈ। ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਸਮੇਤ ਹਾਜ਼ਰ ਪਤਵੰਤਿਆਂ ਅਤੇ ਸੰਗਤਾਂ ਨੇ ਉਨ੍ਹਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ।ਸਮਾਗਮ ਦੇ ਅਖ਼ੀਰ ਵਿਚ ਭਾਈ ਸੇਵਾ ਸਿੰਘ ਲੋਹਗੜ੍ਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਵਲੋਂ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਜੀ ਦੀ ਆਮਦ ਅਤੇ ਉਨ੍ਹਾਂ ਵਲੋਂ ਸੰਗਤਾਂ ਨਾਲ ਕੀਤੀ ਗਈ ਗੁਰਮਤਿ ਵਿਚਾਰਾਂ ਦੀ ਸਾਂਝ ਨਾਲ ਸਮੁੱਚੀ ਸੰਗਤ ਨੂੰ ਵਿਸ਼ੇਸ਼ ਖ਼ੁਸ਼ੀ ਅਤੇ ਉਤਸ਼ਾਹ ਪ੍ਰਾਪਤ ਹੋਇਆ ਹੈ।ਭਾਈ ਸੇਵਾ ਸਿੰਘ ਲੋਹਗੜ੍ਹ ਨੇ ਇਸ ਮੌਕੇ ਆਪਣੇ ਵੀਰ ਜਰਨੈਲ ਸਿੰਘ ਮੋਹਾਲੀ ਵਾਲਿਆਂ ਦਾ ਵੀ ਦਿਲੋਂ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕਾਂ, ਸੇਵਾਦਾਰਾਂ, ਪਤਵੰਤੇ ਸੱਜਣਾਂ ਅਤੇ ਲੈਸਟਰ ਨਿਵਾਸੀ ਸੰਗਤਾਂ ਦਾ ਸਮਾਗਮ ਵਿਚ ਸ਼ਮੂਲੀਅਤ ਕਰਨ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਪ੍ਰਮੁੱਖ ਤੌਰ ’ਤੇ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਭਾਈ ਸੇਵਾ ਸਿੰਘ ਲੋਹਗੜ੍ਹ, ਭਾਈ ਦਰਸ਼ਨ ਸਿੰਘ ਕੰਗ, ਭਾਈ ਅਮਰੀਕ ਸਿੰਘ ਗਿੱਲ, ਮਨਜਿੰਦਰ ਸਿੰਘ ਮੁਲਤਾਨੀ, ਨਛੱਤਰ ਸਿੰਘ, ਦਲਜੀਤ ਸਿੰਘ, ਭਾਈ ਜਸਬੀਰ ਸਿੰਘ ਜੋਹਲ, ਕੁਲਵਿੰਦਰ ਸਿੰਘ ਜੋਹਲ ਅਤੇ ਜਰਨੈਲ ਸਿੰਘ ਮੋਹਾਲੀ ਵਾਲੇ ਸਮੇਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ, ਸੇਵਾਦਾਰ ਅਤੇ ਵੱਡੀ ਗਿਣਤੀ ਵਿਚ ਲੈਸਟਰ ਨਿਵਾਸੀ ਸੰਗਤਾਂ ਹਾਜ਼ਰ ਸਨ।