ਜਲੰਧਰ, 4 ਜਨਵਰੀ (ਐੱਮ. ਐੱਸ. ਲੋਹੀਆ) - ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਮਰੀਜ਼ਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਵਾਲੇ ਡਾਕਟਰਾਂ ਨੂੰ ਇਲਾਜ 'ਚ ਆਈਆਂ ਨਵੀਂ ਖੋਜਾਂ ਤੇ ਤਕਨੀਕਾਂ ਸੰਬੰਧੀ ਜਾਗਰੂਕ ਕਰਨ ਲਈ ਨਿਊ ਰੂਬੀ ਹਸਪਤਾਲ, ਲਿੰਕ ਰੋਡ, ਲਾਜਪਤ ਨਗਰ, ਜਲੰਧਰ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ | ਇਸ ਤਹਿਤ ਹਸਪਤਾਲ ਦੇ ਡਾਇਰੈਕਟਰ ਡਾ. ਐਸ.ਪੀ. ਐਸ. ਗਰੋਵਰ (ਬੀ.ਪੀ., ਸ਼ੂਗਰ ਤੇ ਦਿਲ ਦੇ ਰੋਗਾਂ ਦੇ ਮਾਹਿਰ) ਨੇ ਹਾਈ ਬਲੱਡ ਪ੍ਰੈਸ਼ਰ (ਬੀ.ਪੀ.) ਨੂੰ ਨਿਅੰਤਰਿਤ ਕਰਨ ਲਈ ਆਧੁਨਿਕ ਦਵਾਈਆਂ ਤੇ ਇਲਾਜ ਬਾਰੇ ਜਾਗਰੂਕ ਕੀਤਾ | ਡਾ. ਗਰੋਵਰ ਨੇ ਕਿਹਾ ਕਿ ਹਾਈਪਰਟੈਨਸ਼ਨ ਇਕ ਚੁੱਪ ਕਾਤਲ ਹੈ, ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਦਿਲ ਦੇ ਦੌਰੇ, ਦਿਮਾਗੀ ਸਟ੍ਰੋਕ, ਗੁਰਦੇ ਦੀ ਬਿਮਾਰੀ ਤੇ ਪੈਰੀਫਿਰਲ ਵੈਸਕੁਲਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੜਾਅ 'ਤੇ ਹੀ ਬੀ.ਪੀ. ਦਾ ਇਲਾਜ ਸ਼ੁਰੂ ਕੀਤੇ ਜਾਣ ਨਾਲ ਅੰਗਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਬੀ.ਪੀ. ਨੂੰ ਕੰਟਰੋਲ ਕਰਨ ਲਈ ਸਿਗਰਟਨੋਸ਼ੀ ਤੇ ਸ਼ਰਾਬ ਦੀ ਜ਼ਿਆਦਾ ਮਾਤਰਾ ਲੈਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ | ਡਾ. ਗਰੋਵਰ ਨੇ ਕਿਹਾ ਕਿ ਹਾਈ ਬੀ.ਪੀ. ਨੂੰ ਰੋਕਣ ਤੇ ਇਲਾਜ ਕਰਨ ਲਈ 40 ਮਿੰਟ ਦੀ ਨਿਯਮਤ ਰੋਜ਼ਾਨਾ ਕਸਰਤ ਦੀ ਅਹਿਮ ਭੂਮਿਕਾ ਹੈ | ਡਾ. ਮਨਬੀਰ ਸਿੰਘ-ਡੀ.ਐੱਨ.ਬੀ. ਇੰਟਰਵੈਂਸ਼ਨਲ ਕਾਰਡੀਓਲੋਜਿਸਟ ਨੇ ਕੋਰੋਨਰੀ ਐਂਜੀਓਪਲਾਸਟੀ ਦੇ 3 ਗੁੰਝਲਦਾਰ ਤੇ ਉੱਚ ਜੋਖ਼ਮ ਵਾਲੇ ਮਾਮਲਿਆਂ 'ਤੇ ਚਰਚਾ ਕੀਤੀ | ਉਨ੍ਹਾਂ ਵਲੋਂ ਡਾਕਟਰਾਂ ਨੂੰ ਐਂਜੀਓਪਲਾਸਟੀ ਕਰਦੇ ਸਮੇਂ ਵਰਤੇ ਜਾਣ ਵਾਲੇ ਵੱਖ-ਵੱਖ ਤਰੀਕਿਆਂ ਤੇ ਇਲਾਜ ਤਕਨੀਕਾਂ ਬਾਰੇ ਸਿੱਖਿਅਤ ਕੀਤਾ | ਡਾ. ਐਚ.ਐਸ. ਪਾਲ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਅਸ਼ਵਨੀ ਮਹਿੰਦਰੂ, ਡਾ. ਕੇ. ਐੱਸ. ਖੇੜਾ, ਡਾ. ਪਰਮਜੀਤ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਐੱਚ. ਐੱਸ. ਪਾਲ, ਡਾ. ਐੱਚ. ਐੱਸ. ਭਾਟੀਆ, ਡਾ. ਪੀ. ਐੱਸ. ਅਰੋੜਾ, ਡਾ. ਬਲਜਿੰਦਰ ਸਿੰਘ, ਡਾ. ਰਜਿੰਦਰ, ਡਾ. ਹਰੀ ਪਾਲ ਸਿੰਘ, ਡਾ. ਅਮਰ ਖੋਸਲਾ, ਡਾ. ਪਰਯਾਗ, ਡਾ. ਆਈ.ਪੀ. ਐੱਸ. ਸੇਠੀ, ਡਾ. ਅਰੁਣ ਕੁਮਾਰ ਅਤੇ ਹੋਰ ਹਾਜ਼ਰ ਸਨ |