ਰਤੀਆ, 1 ਫਰਵਰੀ (ਬੇਅੰਤ ਕੌਰ ਮੰਡੇਰ)-ਪੰਜਾਬੀ ਸਾਹਿਤ ਅਕਾਦਮੀ ਤੋਂ ਸਨਮਾਨਿਤ ਲੇਖਕ ਡਾ. ਨਾਇਬ ਸਿੰਘ ਮੰਡੇਰ ਦੇ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ 'ਦਿਲਾਂ ਦੀ ਸਾਂਝ' ਦਾ ਲੋਕ ਅਰਪਣ ਤੇ ਗੋਸ਼ਟੀ ਦਾ ਆਯੋਜਨ ਲੋਕ ਚੇਤਨਾ ਮੰਚ ਹਰਿਆਣਾ ਵਲੋਂ ਲਾਇਨਜ਼ ਕਲੱਬ ਰਤੀਆ ਸਿਟੀ ਦੀ ਸਰਪ੍ਰਸਤੀ ਹੇਠ ਕੀਤਾ | ਪ੍ਰਸਿੱਧ ਲੇਖਕ ਤੇ ਆਲੋਚਕ ਨਿਰੰਜਨ ਬੋਹਾ ਤੇ ਲੈਕਚਰਾਰ ਜਗਜਤਿੰਦਰ ਸਿੰਘ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ ਜਦਕਿ ਨਾਵਲਕਾਰ ਅਜ਼ੀਜ਼ ਸਰੋਏ, ਕਵੀ ਦਿਲਬਾਗ ਰਿਉਂਦ, ਚਿੰਤਕ ਤੇਜਿੰਦਰ ਸਿੰਘ ਅÏਜਲਾ, ਅਨੁਵਾਦਕ ਗੋਪਾਲ ਚੰਦ ਕੁਲਰੀਆ ਤੇ ਕਵੀ ਗੁਲਾਬ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ | ਜਨਰਲ ਸਕੱਤਰ ਕਿ੍ਸ਼ਨ ਸਿੰਘ ਚਿੱਤਰਕਾਰ ਨੇ ਸਵਾਗਤ ਕਰਦਿਆਂ ਸਮਾਰੋਹ ਦੀ ਰੂਪ ਰੇਖਾ ਪੇਸ਼ ਕੀਤੀ | ਮੁੱਖ ਬੁਲਾਰੇ ਤੇ ਹੋਰ ਵਿਦਵਾਨਾਂ ਨੇ 'ਦਿਲਾਂ ਦੀ ਸਾਂਝ' ਦਾ ਲੋਕ ਅਰਪਣ ਕੀਤਾ | ਆਲੋਚਕ ਨਿਰੰਜਨ ਬੋਹਾ ਨੇ ਕਿਹਾ ਕਿ ਡਾ. ਮੰਡੇਰ ਦੇ ਮਿੰਨੀ ਕਹਾਣੀ ਸੰਗ੍ਰਹਿ 'ਦਿਲਾਂ ਦੀ ਸਾਂਝ' ਵਿਚ ਦਰਜ ਮਿੰਨੀ ਕਹਾਣੀਆਂ 'ਚ ਸਮਾਜ ਦਾ ਦਿਲ ਧੜਕਦਾ ਹੈ | ਉਨ੍ਹਾਂ ਕਿਹਾ ਕਿ ਡਾ. ਨਾਇਬ ਸਿੰਘ ਮੰਡੇਰ ਪੰਜਾਬੀ ਮਿੰਨੀ ਕਹਾਣੀ ਵਿਧਾ ਦੇ ਪਹਿਲੇ ਪੀ. ਐਚ. ਡੀ. ਖੋਜ ਵਿਦਵਾਨ ਹਨ, ਜਿਨ੍ਹਾਂ ਦਾ ਸਾਹਿਤਕ ਆਲੋਚਨਾ ਖੇਤਰ 'ਚ ਇਕ ਮਹੱਤਵਪੂਰਨ ਸਥਾਨ ਹੈ | ਜਗਜਤਿੰਦਰ ਸਿੰਘ ਨੇ ਕਿਹਾ ਕਿ 'ਦਿਲਾਂ ਦੀ ਸਾਂਝ' ਵਿਚ ਮਿੰਨੀ ਕਹਾਣੀਆਂ ਨਾ ਸਿਰਫ਼ ਲੋਕਾਂ ਦੇ ਦੁੱਖਾਂ ਦਾ ਦਰਦ ਪ੍ਰਗਟ ਕਰਦੀਆਂ ਹਨ ਬਲਕਿ ਇਕ ਬਿਹਤਰ ਸਮਾਜ ਦੀ ਸਿਰਜਣਾ ਲਈ ਵੀ ਪ੍ਰੇਰਿਤ ਕਰਦੀਆਂ ਹਨ | ਇਸ ਮੌਕੇ ਸੁਰਜੀਤ ਸਿੰਘ ਸ਼ਿਮਲਾਪੁਰੀ, ਨਿਰਭੈ ਸਿੰਘ, ਰਾਜੂ ਅਰੋੜਾ, ਨਾਟਕਕਾਰ ਗੁਰਮੇਲ ਸਿੰਘ ਗਰੋਹਾ ਆਦਿ ਹਾਜ਼ਰ ਸਨ |