ਯਮੁਨਾਨਗਰ, 5 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਵਲੋਂ ਸੰਸਥਾ ਦੇ ਇਨੋਵੇਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਖੋਜ ਅਤੇ ਵਿਕਾਸ ਸੈੱਲ ਲਈ ਇਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਨਵੇਂ ਵਿਚਾਰ ਵਿਕਸਿਤ ਕਰਨ, ਸਮਾਜਿਕ ਅਤੇ ਵਿਦਿਅਕ ਸਮੱਸਿਆਵਾਂ ਦੇ ਹੱਲ ਲੱਭਣ ਅਤੇ ਉਨ੍ਹਾਂ ਦੇ ਵਪਾਰੀਕਰਨ ਦੀ ਪ੍ਰਕਿਰਿਆ ਨਾਲ ਜਾਣੂ ਕਰਵਾਉਣਾ ਸੀ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ, ਆਈ. ਆਈ. ਸੀ. ਕਨਵੀਨਰ ਵਿਵੇਕ, ਖੋਜ ਅਤੇ ਵਿਕਾਸ ਸੈੱਲ ਕਨਵੀਨਰ ਡਾ. ਸੁਨੀਤਾ ਕੌਸ਼ਿਕ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਮਨਮੀਤ ਨੇ ਸਾਂਝੇ ਤੌਰ 'ਤੇ ਕੀਤੀ, ਜਦਕਿ ਬਾਇਓਟੈਕਨਾਲੋਜੀ ਵਿਭਾਗ ਦੀ ਪ੍ਰੋ. ਡਾ. ਪਿ੍ਯੰਕਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਦੱਸਿਆ ਕਿ ਕੋਈ ਵੀ ਖੋਜ ਸਮੱਸਿਆ ਦੀ ਪਛਾਣ ਕਰਨ ਨਾਲ ਸ਼ੁਰੂ ਹੁੰਦੀ ਹੈ, ਜਿਸ ਤੋਂ ਬਾਅਦ ਇਕ ਆਲੋਚਨਾਤਮਕ ਪ੍ਰਕਿਰਿਆ ਹੁੰਦੀ ਹੈ, ਜਿਸ ਤਹਿਤ ਸਾਹਿਤ ਸਮੀਖਿਆ, ਖੋਜ ਉਦੇਸ਼ ਨਿਰਧਾਰਤ ਕਰਨਾ, ਢੁਕਵੀਂ ਵਿਧੀ ਦੀ ਚੋਣ ਕਰਨਾ, ਡੇਟਾ ਇਕੱਠਾ ਕਰਨਾ, ਵਿਸ਼ਲੇਸ਼ਣ ਕਰਨਾ ਅਤੇ ਸਿੱਟਾ ਕੱਢਣਾ ਸ਼ਾਮਿਲ ਹਨ | ਡਾ. ਪਿ੍ਯੰਕਾ ਨੇ ਕਿਹਾ ਕਿ ਖੋਜ ਦੀ ਭਰੋਸੇਯੋਗਤਾ ਇਸਦੀ ਇਮਾਨਦਾਰੀ, ਮੌਲਿਕਤਾ ਅਤੇ ਪਾਰਦਰਸ਼ਤਾ 'ਤੇ ਨਿਰਭਰ ਕਰਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੰਡਿੰਗ ਏਜੰਸੀਆਂ, ਸਰਕਾਰੀ ਸੰਸਥਾਵਾਂ, ਖੋਜ ਪ੍ਰੀਸ਼ਦਾਂ ਅਤੇ ਵਿਸ਼ਵ ਵਿਆਪੀ ਸੰਗਠਨਾਂ ਬਾਰੇ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਇਕ ਸੁਚੱਜੇ ਖੋਜ ਪ੍ਰਸਤਾਵ ਰਾਹੀਂ ਵਿੱਤੀ ਸਹਾਇਤਾ ਕਿਵੇਂ ਪ੍ਰਾਪਤ ਕਰ ਸਕਦੇ ਹਨ | ਇਸ ਦੌਰਾਨ ਉਨ੍ਹਾਂ ਅੰਤਰ-ਅਨੁਸ਼ਾਸਨੀ ਅਤੇ ਸਹਿਯੋਗੀ ਖੋਜ ਦੀ ਵਧਦੀ ਭੂਮਿਕਾ 'ਤੇ ਵੀ ਚਾਨਣਾ ਪਾਇਆ | ਉਕਤ ਪ੍ਰੋਗਰਾਮ ਦੇ ਅੰਤ 'ਚ ਉਨ੍ਹਾਂ ਵਿਦਿਆਰਥੀਆਂ ਨੂੰ ਲਗਾਤਾਰ ਸਿੱਖਣ, ਵਿਗਿਆਨਕ ਦਿ੍ਸ਼ਟੀਕੋਣ ਅਪਣਾਉਣ ਅਤੇ ਨਵੀਨਤਾ ਦੀ ਭਾਵਨਾ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ |