ਟੋਹਾਣਾ/ਜਾਖਲ, 6 ਫਰਵਰੀ (ਮਨਜੀਤ ਸਿੰਘ)-ਧੂਰੀ, ਲੁਧਿਆਣਾ ਤੇ ਹਿਸਾਰ ਰੇਲ ਰੂਟਾਂ 'ਤੇ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇਹ ਖ਼ਬਰ ਬਹੁਤ ਲਾਹੇਵੰਦ ਹੈ | ਧੂਰੀ ਤੇ ਲੁਧਿਆਣਾ ਰੇਲਵੇ ਸਟੇਸ਼ਨਾਂ 'ਤੇ ਚੱਲ ਰਹੇ ਨਾਨ-ਇੰਟਰਲਾਕਿੰਗ (ਐਨ. ਆਈ.) ਨਿਰਮਾਣ ਕਾਰਜ ਕਾਰਨ ਲੰਬੇ ਸਮੇਂ ਤੋਂ ਮੁਅੱਤਲ ਕੀਤੀਆਂ ਗਈਆਂ ਕਈ ਯਾਤਰੀ ਰੇਲ ਗੱਡੀਆਂ 6 ਫਰਵਰੀ ਤੋਂ ਮੁੜ ਚਾਲੂ ਹੋ ਗਈਆਂ | ਰੇਲਵੇ ਨੇ ਇਸ ਸੰਬੰਧ 'ਚ ਇਕ ਪੱਤਰ ਵੀ ਜਾਰੀ ਕੀਤਾ ਹੈ | ਇਹ ਧਿਆਨ ਦੇਣ ਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਰੇਲਗੱਡੀਆਂ ਦੀ ਆਵਾਜਾਈ ਠੱਪ ਪਈ ਸੀ, ਜਿਸ ਕਾਰਨ ਰੋਜ਼ਾਨਾ ਯਾਤਰੀਆਂ, ਵਿਦਿਆਰਥੀਆਂ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਬੱਸਾਂ, ਕਾਰਾਂ, ਹੋਰ ਅਜਿਹੇ ਸਾਧਨਾਂ ਰਾਹੀਂ ਕਾਫ਼ੀ ਖੱਜਲ ਖੁਆਰ ਹੋਣਾ ਪੈ ਰਿਹਾ ਸੀ | ਰਾਤ ਦੀਆਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਰਾਤ ਰਾਤ ਭਰ ਸਟੇਸ਼ਨਾਂ ਉੱਪਰ ਹੀ ਬੈਠਣਾ ਪੈਂਦਾ ਸੀ ਜਿਸ ਵਿਚ ਛੋਟੇ ਬੱਚਿਆਂ ਵਾਲੇ ਮੁਸਾਫ਼ਰਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਸੀ | ਰੇਲਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਸੰਬੰਧਿਤ ਇਲਾਕੇੇ ਦੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ | ਸਟੇਸ਼ਨ ਮਾਸਟਰ ਚੰਦਰਮ ਦਹੀਆ ਨੇ ਦੱਸਿਆ ਕਿ 6 ਫਰਵਰੀ ਤੋਂ ਧੂਰੀ-ਜਾਖਲ ਤੇ ਲੁਧਿਆਣਾ ਰੂਟਾਂ 'ਤੇ 54631, 54632, 54633, 54634, 54636, 14653, ਅਤੇ 14654 ਨੰਬਰ ਦੀਆਂ ਇਹ ਰੇਲ ਗੱਡੀਆਂ ਦੀ ਸੇਵਾ ਮੁੜ ਸ਼ੁਰੂ ਗਈ ਹੈ | ਇਸੇ ਤਰ੍ਹਾਂ ਹੀ ਦਿੱਲੀ ਤੋਂ ਲੋਹੀਆਂ ਖਾਸ ਵਾਇਆ ਰੋਹਤਕ, ਜੀਂਦ, ਨਰਵਾਨਾ, ਟੋਹਾਣਾ, ਜਾਖਲ, ਧੂਰੀ ਲੁਧਿਆਣਾ, ਫਗਵਾੜਾ, ਜਲੰਧਰ, ਕਪੂਰਥਲਾ ਜਾਣ ਵਾਲੀ ਸਰਬੱਤ ਦਾ ਭਲਾ ਐਕਸਪ੍ਰੈੱਸ ਟਰੇਨ ਚੱਲਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਇਹ ਟਰੇਨ ਬਹੁਤ ਸੋਚ ਸਮਝ ਕੇ ਚਲਾਈ ਗਈ ਸੀ ਅਤੇ ਇਸ ਦੇ ਚੱਲਣ ਨਾਲ ਲੋਕਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਗੈਰ-ਇੰਟਰਲਾਕਿੰਗ ਕੰਮ ਦੌਰਾਨ ਡਾਇਵਰਟ ਕੀਤੀਆਂ ਗਈਆਂ ਜਿਵੇਂ ਕਿ 'ਸਰਬੱਤ ਦਾ ਭਲਾ' ਤੇ ਹੋਰ ਰੇਲ ਗੱਡੀਆਂ ਹੁਣ ਆਪਣੇ ਸਹੀ ਰੂਟਾਂ 'ਤੇ ਚੱਲਣਗੀਆਂ | ਰੇਲਵੇ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਵਿਚ ਬਾਕੀ ਰੇਲਗੱਡੀਆਂ ਦੇ ਚੱਲਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ ਤੇ ਯਾਤਰੀਆਂ ਨੂੰ ਸਮੇਂ-ਸਮੇਂ 'ਤੇ ਇਨ੍ਹਾਂ ਬਾਰੇ ਸੂਚਿਤ ਕੀਤਾ ਜਾਵੇਗਾ |