ਨਵੀਂ ਦਿੱਲੀ, 21 ਫਰਵਰੀ (ਮਿਸਰਦੀਪ ਭਾਟੀਆ)-ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ ਵਿਚ ਸ਼ੁੱਕਰਵਾਰ ਦੇਰ ਰਾਤ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਕੰਪਨੀ ਦੇ ਡਲਿਵਰੀ ਬੁਆਏ ਦੀ ਮੌਤ ਹੋ ਗਈ | ਸੁਭਾਸ਼ ਨਗਰ ਮੈਟਰੋ ਸਟੇਸ਼ਨ ਰੈੱਡ ਲਾਈਟ ਦੇ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਸਕੂਟਰ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰ ਸਵਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਨੇ ਕਾਰ ਨੂੰ ਜ਼ਬਤ ਕਰ ਲਿਆ ਹੈ ਅਤੇ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਹ ਘਟਨਾ ਤੜਕੇ 3 ਵਜੇ ਦੇ ਕਰੀਬ ਵਾਪਰੀ | ਮਿ੍ਤਕ ਦੀ ਪਛਾਣ ਹੇਮ ਸ਼ੰਕਰ ਵਜੋਂ ਹੋਈ ਹੈ ਜੋ ਕਿ ਰਘੁਵੀਰ ਨਗਰ ਦਾ ਰਹਿਣ ਵਾਲਾ ਸੀ | ਉਹ ਇਕ ਮਸ਼ਹੂਰ ਕੰਪਨੀ ਵਿਚ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਸੀ | ਚਸ਼ਮਦੀਦਾਂ ਅਨੁਸਾਰ ਤੇਜ਼ ਗਤੀ ਨਾਲ ਆ ਰਹੀ ਕਾਰ ਨੇ ਪਿਛੋਂ ਤੋਂ ਹੇਮ ਸ਼ੰਕਰ ਦੇ ਸਕੂਟਰ ਨੂੰ ਟੱਕਰ ਮਾਰੀ | ਟੱਕਰ ਏਨੀ ਜ਼ਬਰਦਸਤ ਸੀ ਕਿ ਸਕੂਟਰ ਅਤੇ ਕਾਰ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ | ਘਟਨਾ ਦੀ ਸੂਚਨਾ ਮਿਲਣ 'ਤੇ ਤਿਲਕ ਨਗਰ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ | ਉਨ੍ਹਾਂ ਨੇ ਤੁਰੰਤ ਹੇਮ ਸ਼ੰਕਰ ਨੂੰ ਨੇੜਲੇ ਦੀਨ ਦਿਆਲ ਉਪਾਧਿਆਏ ਹਸਪਤਾਲ ਪਹੁੰਚਾਇਆ | ਹਸਪਤਾਲ ਵਿਚ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਪੱਛਮੀ ਜ਼ਿਲ੍ਹਾ ਡਿਪਟੀ ਪੁਲਿਸ ਕਮਿਸ਼ਨਰ ਦਰਾਦੇ ਸ਼ਰਦ ਭਾਸਕਰ ਨੇ ਦੱਸਿਆ ਕਿ ਇਕ ਚਸ਼ਮਦੀਦ ਗਵਾਹ ਨੇ ਪੁਸ਼ਟੀ ਕੀਤੀ ਹੈ ਕਿ ਕਾਰ ਨੇ ਪੀੜਤ ਨੂੰ ਪਿੱਛਿਓਾ ਟੱਕਰ ਮਾਰੀ ਸੀ | ਪੁਲਿਸ ਨੇ ਲਾਪਰਵਾਹੀ ਨਾਲ ਗੱਡੀ ਚਲਾਉਣ ਨਾਲ ਹੋਈ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਕਾਰ ਚਾਲਕ ਦੀ ਪਛਾਣ ਨਜ਼ਫਗੜ੍ਹ ਨਿਵਾਸੀ ਮੋਹਿਤ ਕੁਮਾਰ ਵਜੋਂ ਕੀਤੀ ਹੈ ਅਤੇ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਦੋਸ਼ੀ ਮੋਹਿਤ ਕੁਮਾਰ ਦਿੱਲੀ ਨਗਰ ਨਿਗਮ ਵਿਚ ਇਕ ਠੇਕੇਦਾਰ ਵਜੋਂ ਕੰਮ ਕਰਦਾ ਸੀ |