ਨਵੀਂ ਦਿੱਲੀ, 21 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਦੇ ਮਦਨਪੁਰ ਖਾਦਰ ਇਲਾਕੇ ਵਿਚ ਸਨਿਚਰਵਾਰ 21 ਫਰਵਰੀ ਨੂੰ ਸਵੇਰੇ ਤੜਕੇ ਇਕ ਵੱਡਾ ਹਾਦਸਾ ਵਾਪਰਿਆ | ਸਵੇਰੇ ਕਰੀਬ 4.30 ਵਜੇ ਗੈਸ ਸਿਲੰਡਰ ਫੱਟਣ ਦੀ ਘਟਨਾ ਸਾਹਮਣੇੇ ਆਈ | ਇਲਾਕੇ ਵਿਚ ਐਲ.ਪੀ.ਜੀ. ਸਿਲੰਡਰ ਵਿਚ ਅੱਗ ਲੱਗਣ ਨਾਲ ਘੱਟੋ ਘੱਟ ਤਿੰਨ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ | ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਸਨ | ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਘਟਨਾ ਰਸੋਈ ਵਿਚ ਰੱਖੇ ਗੈਸ ਲੀਕ ਹੋਣ ਕਾਰਨ ਹੋਈ ਹੋ ਸਕਦੀ ਹੈ | ਘਟਨਾ ਨਾਲ ਇਲਾਕੇ ਵਿਚ ਹਫੜਾ-ਦਫੜੀ ਮਚ ਗਈ | ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਘਰ ਦੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ | ਇਸ ਤੋਂ ਬਾਅਦ ਫਾਇਰ ਬਿ੍ਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ | ਕਾਫੀ ਕੋਸ਼ਿਸ਼ ਤੋਂ ਬਾਅਦ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਅਤੇ ਅੱਗ ਦੀ ਲਪੇਟ ਵਿਚ ਆਏ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਵਿਚ ਭਰਤੀ ਕਰਵਾਇਆ ਹੈ | ਹਾਦਸੇ ਵਿਚ ਤਿੰਨ ਲੋਕ ਗੰਭੀਰ ਰੂਪ ਵਿਚ ਝੁਲਸ ਗਏ | ਇਕ ਵਿਅਕਤੀ ਦੀ ਹਾਲਤ ਗੰਭੀਰ ਹੈ | ਹਾਦਸੇ ਵਿਚ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ | ਦੱਸਿਆ ਜਾ ਰਿਹਾ ਹੈ ਕਿ ਜ਼ਰੂਰੀ ਸਾਮਾਨ ਸੜ ਕੇ ਨਸ਼ਟ ਹੋ ਗਿਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪੁਲਿਸ ਅੱਗ ਲੱਗਣ ਦੇ ਕਾਰਨਾਂ ਨੂੰ ਲੈ ਕੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ |