ਨਵੀਂ ਦਿੱਲੀ, 21 ਫਰਵਰੀ (ਮਿਸਰਦੀਪ ਭਾਟੀਆ)-ਕ੍ਰੋਏਸ਼ੀਆ ਗਣਰਾਜ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਚ ਨੇ ਭਾਰਤ-ਕ੍ਰੋਏਸ਼ੀਆ ਸੰਬੰਧਾਂ ਦੀ ਨੇੜਤਾ ਬਾਰੇ ਬੋਲਦਿਆਂ ਕਿਹਾ ਕਿ ਕ੍ਰੋਏਸ਼ੀਆ ਦੀ ਯੂਨੀਵਰਸਿਟੀ ਵਿਚ 1876 ਤੋਂ ਸੰਸਕ੍ਰਿਤ ਭਾਸ਼ਾ ਪੜ੍ਹਾਈ ਜਾਂਦੀ ਹੈ | ਆਂਦਰੇਜ ਪਲੇਨਕੋਵਿਚ ਦਿੱਲੀ ਯੂਨੀਵਰਸਿਟੀ ਦੇ ਵਾਈਸ ਰੀਗਲ ਲਾਜ ਦੇ ਕਨਵੈਨਸ਼ਨ ਹਾਲ ਵਿਚ ਆਯੋਜਿਤ ਇਕ ਵਿਸ਼ੇਸ਼ ਭਾਸ਼ਨ ਵਿਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ | ਭਾਰਤ ਵਿਚ ਕ੍ਰੋਏਸ਼ੀਆ ਗਣਰਾਜ ਦੇ ਰਾਜਦੂਤ ਪੀਟਰ ਲੂਬਿਸਿਚ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਸਨ | ਪ੍ਰੋਗਰਾਮਾਂ ਦੀ ਪ੍ਰਧਾਨਗੀ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕੀਤੀ | ਇਸ ਦੌਰਾਨ ਡੀ.ਯੂ. ਦੱਖਣੀ ਕੈਂਪਸ ਦੀ ਨਿਰਦੇਸ਼ਕ ਪ੍ਰੋ. ਰਜਨੀ ਅੱਬੀ, ਰਜਿਸਟਰਾਰ ਡਾ. ਵਿਕਾਸ ਗੁਪਤਾ, ਅੰਤਰਰਾਸ਼ਟਰੀ ਸੰਬੰਧਾਂ ਦੇ ਚੇਅਰਮੈਨ ਪ੍ਰੋ. ਨੀਰਾ ਅਗਨੀਮਿਤਰਾ, ਕ੍ਰੋਏਸ਼ੀਆ ਦੇ ਮੰਤਰੀ ਅਤੇ ਹੋਰ ਪਤਵੰਤੇ ਮੌਜੂਦ ਸਨ | 'ਬਿ੍ਜਿੰਗ ਕੰਟੀਨੈਂਟਸ : ਕ੍ਰੋਏਸ਼ੀਆ ਐਂਡ ਇੰਡੀਆ ਇਨ ਏ ਕੁਨੈਕਟਿਡ ਵਰਲਡ' ਵਿਸ਼ੇ 'ਤੇ ਹੋਏ ਵਿਸ਼ੇਸ਼ ਭਾਸ਼ਨ ਵਿਚ ਕ੍ਰੋਏਸ਼ੀਆ ਗਣਰਾਜ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਚ ਨੇ ਭਾਰਤ-ਕ੍ਰੋਏਸ਼ੀਆ ਸੰਬੰਧਾਂ, ਵਿਸ਼ਵਵਿਆਪੀ ਸਹਿਯੋਗ ਅਤੇ ਬਦਲਦੇ ਅੰਤਰਰਾਸ਼ਟਰੀ ਦਿ੍ਸ਼ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਆਪਣੇ ਸੰਬੋਧਨ ਵਿਚ ਅੱਗੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਦਾ ਅਕਾਦਮਿਕ ਵਾਤਾਵਰਨ ਬਹੁਤ ਅਮੀਰ ਅਤੇ ਪ੍ਰੇਰਨਾਦਾਇਕ ਹੈ, ਜਿੱਥੇ ਵਿਭਿੰਨਤਾ ਦੇ ਵਿਚਕਾਰ ਸੰਵਾਦ ਅਤੇ ਸਹਿ ਹੋਂਦ ਦੀ ਭਾਵਨਾ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੀ ਹੈ | ਉਨ੍ਹਾਂ ਦੱਸਿਆ ਕਿ 1876 ਤੋਂ ਕ੍ਰੋਏਸ਼ੀਆ ਦੀ ਜਾਗਰੇਬ ਯੂਨੀਵਰਸਿਟੀ ਵਿਚ ਸੰਸਕ੍ਰਿਤ ਪੜ੍ਹਾਈ ਜਾਂਦੀ ਹੈ ਜੋ ਕਿ ਭਾਰਤ ਅਤੇ ਕ੍ਰੋਏਸ਼ੀਆ ਵਿਚਕਾਰ ਡੂੰਘੇ ਸੱਭਿਆਚਾਰਕ ਸੰਬੰਧਾਂ ਦਾ ਪ੍ਰਮਾਣ ਹੈ | ਭਾਸ਼ਨ ਦੇ ਅੰਤ ਵਿਚ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਉਤਸੁਕਤਾ ਅਤੇ ਊਰਜਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਭਾਰਤ ਵਿਗਿਆਨ, ਤਕਨਾਲੋਜੀ ਅਤੇ ਵਿਸ਼ਵ ਵਿਵਸਥਾ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਭਾਰਤ-ਕ੍ਰੋਏਸ਼ੀਆ ਸਹਿਯੋਗ ਦੁਨੀਆ ਲਈ ਇਕ ਸਾਕਾਰਾਤਮਕ ਉਦਾਹਰਨ ਬਣ ਸਕਦਾ ਹੈ |