ਨਵੀਂ ਦਿੱਲੀ, 23 ਫਰਵਰੀ (ਮਿਸਰਦੀਪ ਭਾਟੀਆ)-ਤਿਲਕ ਨਗਰ ਪੁਲਿਸ ਥਾਣੇ ਦੇ ਬਾਹਰ ਐਤਵਾਰ ਨੂੰ ਉਸ ਸਮੇਂ ਮਾਹੌਲ ਤਨਾਅ-ਪੂਰਨ ਹੋ ਗਿਆ ਜਦੋਂ ਇਕ ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲੇ 25 ਸਾਲ ਦੇ ਨੌਜਵਾਨ ਦਾ ਪਰਿਵਾਰ ਅਤੇ ਦੋਸਤ ਵੱਡੀ ਗਿਣਤੀ ਵਿਚ ਉੱਥੇ ਜਮ੍ਹਾਂ ਹੋ ਗਏ | ਪ੍ਰਦਰਸ਼ਨਕਾਰੀਆਂ ਨੇ ਦੋਸ਼ੀ ਡਰਾਈਵਰ 'ਤੇ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ | ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ਼ ਭਰੋਸਾ ਨਹੀਂ, ਬਲਕਿ ਠੋਸ ਨਿਆਂ ਚਾਹੀਦਾ ਹੈ | ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਮਾਮਲੇ ਨੂੰ ਮਾਮੂਲੀ ਦੋਸ਼ਾਂ ਤਹਿਤ ਦਰਜ ਕੀਤੇ ਜਾਣ ਦੇ ਕਾਰਨ ਦੋਸ਼ੀ ਨੂੰ ਰਾਹਤ ਮਿਲ ਗਈ | ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਹੋਈ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਸੜਕ ਨੂੰ ਜਾਮ ਕਰ ਕੇ ਵਿਰੋਧ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ | ਸਥਿਤੀ ਨੂੰ ਸੰਭਾਲਣ ਲਈ ਥਾਣੇ ਦੇ ਬਾਹਰ ਵਾਧੂ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ | ਮਿ੍ਤਕ ਦੀ ਪਛਾਣ ਰਘੁਵੀਰ ਨਗਰ ਨਿਵਾਸੀ ਹੇਮ ਸ਼ੰਕਰ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਸਨਿਚਰਵਾਰ ਤੜਕੇ 3.30 ਵਜੇ ਦੇ ਕਰੀਬ ਨਜ਼ਫਗੜ੍ਹ-ਰਾਜੌਰੀ ਗਾਰਡਨ ਰੋਡ 'ਤੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਦੇ ਪਾਸ ਇਕ ਤੇਜ਼ ਰਫ਼ਤਾਰ ਕਾਰ ਨੇ ਉਸਦੇ ਸਕੂਟਰ ਦੇ ਪਿੱਛਿਓਾ ਟੱਕਰ ਮਾਰੀ | ਟੱਕਰ ਏਨੀ ਜ਼ਬਰਦਸਤ ਸੀ ਕਿ ਹੇਮ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ | ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ | ਜ਼ਖ਼ਮੀ ਨੂੰ ਤੁਰੰਤ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਅਨੁਸਾਰ ਦੋਸ਼ੀ ਦੀ ਪਛਾਣ ਮੋਹਿਤ ਕੁਮਾਰ ਵਜੋਂ ਹੋਈ ਹੈ | ਹਾਦਸੇ ਤੋਂ ਬਾਅਦ ਉਸਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ | ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ |