ਯਮੁਨਾਨਗਰ, 23 ਫਰਵਰੀ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਐਮਰਜੈਂਸੀ ਮੀਟਿੰਗ ਪ੍ਰਧਾਨ ਪਾਪਲਾ ਦੀ ਪ੍ਰਧਾਨਗੀ ਹੇਠ ਯੂਨੀਅਨ ਦਫ਼ਤਰ ਵਿਖੇ ਹੋਈ | ਸਮੁੱਚੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਹਾਜ਼ਰੀ ਵਾਲੀ ਮੀਟਿੰਗ ਦਾ ਸੰਚਾਲਨ ਯੂਨਿਟ ਸਕੱਤਰ ਸੁਭਾਸ਼ ਸੌਦਾ ਨੇ ਕੀਤਾ | ਮੀਟਿੰਗ 'ਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਨਗਰ ਨਿਗਮ ਪ੍ਰਸ਼ਾਸਨ ਦੇ ਅੜੀਅੱਲ ਰਵੱਈਏ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਯੂਨੀਅਨ ਵਲੋਂ ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਕਈ ਵਾਰ ਮੰਗ-ਪੱਤਰ ਸੌਂਪੇ ਜਾ ਚੁੱਕੇ ਹਨ, ਪਰ ਕੋਈ ਕਾਰਵਾਈ ਨਾ ਹੋਈ | ਉਨ੍ਹਾਂ ਦੱਸਿਆ ਕਿ ਬੀਤੀ 18 ਫਰਵਰੀ ਨੂੰ ਵੀ ਨਗਰ ਨਿਗਮ ਪ੍ਰਸ਼ਾਸਨ ਨੂੰ ਯੂਨੀਅਨ ਵਲੋਂ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਫ਼ਿਰ ਵੀ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ | ਉਨ੍ਹਾਂ ਦੱਸਿਆ ਕਿ ਹੁਣ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਣ ਦਾ ਫ਼ੈਸਲਾ ਲਿਆ ਗਿਆ ਹੈ | ਮੀਟਿੰਗ 'ਚ ਯੂਨੀਅਨ ਦੇ ਸੀਨੀਅਰ ਉਪ ਪ੍ਰਧਾਨ ਰਮੇਸ਼ ਕੁਮਾਰ, ਉਪ ਪ੍ਰਧਾਨ ਜਨਕ ਰਾਜ, ਉਪ ਪ੍ਰਧਾਨ ਸੰਨੀ, ਉਪ ਪ੍ਰਧਾਨ ਰਮਨ, ਸਹਿ-ਸਕੱਤਰ ਸੰਜੀਤ, ਕੈਸ਼ੀਅਰ ਬਲਦੀਪ ਤੇ ਮੈਂਬਰ ਸੰਜੇ ਗਹਿਲੋਤ ਆਦਿ ਹਾਜ਼ਰ ਸਨ |