ਰਤੀਆ, 23 ਫਰਵਰੀ (ਬੇਅੰਤ ਕੌਰ ਮੰਡੇਰ)-ਸਰਵ ਸਮਾਜ ਸਭਾ ਦੇ ਵਫ਼ਦ ਵਲੋਂ ਪ੍ਰਧਾਨ ਸਤਪਾਲ ਜਿੰਦਲ ਦੀ ਅਗਵਾਈ ਹੇਠ ਵਿਧਾਇਕ ਜਰਨੈਲ ਸਿੰਘ ਨਾਲ ਮੁਲਾਕਾਤ ਕਰ ਕੇ ਸ਼ਹਿਰ ਦੀਆਂ ਜਨਤਕ ਸਮੱਸਿਆਵਾਂ ਤੇ ਮਸਲਿਆਂ ਸੰਬੰਧੀ ਇਕ ਮੰਗ ਪੱਤਰ ਸੌਂਪਿਆਂ | ਸਭਾ ਦੇ ਜਨਰਲ ਸਕੱਤਰ ਡਾ. ਨਾਇਬ ਸਿੰਘ ਮੰਡੇਰ ਨੇ ਵਿਧਾਇਕ ਨੂੰ ਵੇਅਰਹਾਊਸ ਦੀ ਥਾਂ ਬੈਂਕ ਕੰਪਲੈਕਸ ਬਣਾਉਣ ਅਤੇ ਜਨਤਕ ਹਿਤ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਮੁੱਦਾ ਪੇਸ਼ ਕੀਤਾ | ਪੈੱ੍ਰਸ ਸਕੱਤਰ ਹੈਪੀ ਸਿੰਘ ਸੇਠੀ ਨੇ ਕਿਹਾ ਕਿ ਸ਼ਹਿਰ 'ਚ ਪਾਰਕਿੰਗ ਦੀ ਸਮੱਸਿਆ ਗੰਭੀਰ ਮੁੱਦਾ ਬਣ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਤੋਂ ਬਾਹਰ ਬਣੇ ਗੋਦਾਮਾਂ ਨੂੰ ਤਬਦੀਲ ਕੀਤਾ ਜਾਵੇ ਤੇ ਬੈਂਕਾਂ ਦੇ ਬਾਹਰ ਮੁੱਖ ਸੜਕਾਂ 'ਤੇ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਲਈ ਪਾਰਕਿੰਗ ਤੇ ਬੈਂਕ ਕੰਪਲੈਕਸਾਂ ਨਾਲ ਬਦਲਿਆ ਜਾਵੇ | ਇਸ ਤੋਂ ਇਲਾਵਾ ਸ਼ਹਿਰ 'ਚ ਸਹੀ ਡਰੇਨੇਜ ਸਿਸਟਮ ਦੀ ਘਾਟ ਕਾਰਨ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਇਕ ਮਾਸਟਰ ਪਲਾਨ ਤਿਆਰ ਕੀਤਾ ਜਾਣਾ ਚਾਹੀਦਾ ਹੈ | ਵਿਧਾਇਕ ਜਰਨੈਲ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਲਈ ਵਿਧਾਨ ਸਭਾ 'ਚ ਮੁੱਦਾ ਉਠਾਉਣਗੇ |