ਯਮੁਨਾਨਗਰ, 24 ਫਰਵਰੀ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਸਕੱਤਰ-ਕਮ-ਸੀ. ਜੇ. ਐਮ. ਸੁਮਿੱਤਰਾ ਕਾਦੀਆਂ ਨੇ ਦੱਸਿਆ ਕਿ ਪਹਿਲੀ ਰਾਸ਼ਟਰੀ ਲੋਕ ਅਦਾਲਤ 14 ਮਾਰਚ ਨੂੰ ਲਗਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਅਦਾਲਤ 'ਚ ਅਪਰਾਧਿਕ ਮਾਮਲੇ, ਧਾਰਾ 138 ਅਧੀਨ ਐਨ. ਆਈ. ਐਕਟ ਦੇ ਮਾਮਲੇ, ਬੈਂਕ ਰਿਕਵਰੀ ਮਾਮਲੇ, ਐਮ. ਏ. ਸੀ. ਟੀ. ਮਾਮਲੇ, ਵਿਆਹ ਸੰਬੰਧੀ ਵਿਵਾਦ ਦੇ ਮਾਮਲੇ, ਲੇਬਰ ਵਿਵਾਦ ਦੇ ਮਾਮਲੇ, ਜ਼ਮੀਨ ਪ੍ਰਾਪਤੀ ਦੇ ਮਾਮਲੇ, ਬਿਜਲੀ ਤੇ ਪਾਣੀ ਨਾਲ ਸੰਬੰਧਿਤ ਮਾਮਲੇ (ਨਾਨ-ਕੰਪਾਊਾਡੇਬਲ ਮਾਮਲਿਆਂ ਨੂੰ ਛੱਡ ਕੇ), ਤਨਖਾਹ ਤੇ ਭੱਤਿਆਂ ਤੇ ਮੁੜ-ਪ੍ਰੀਖਿਆ ਲਾਭਾਂ ਨਾਲ ਸੰਬੰਧਿਤ ਸੇਵਾ ਮਾਮਲੇ, ਮਾਲੀਏ ਨਾਲ ਸੰਬੰਧਿਤ ਮਾਮਲੇ ਤੇ ਹੋਰ ਸਹਾਇਕ ਮਾਮਲੇ, ਜੋ ਕਿ ਹੱਲ ਹੋਣ ਯੋਗ ਹਨ, ਸੰਬੰਧੀ ਸੁਣਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕ ਅਦਾਲਤ ਉਨ੍ਹਾਂ ਮਾਮਲਿਆਂ 'ਚ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੋ ਰਹੀ ਹੈ, ਜਿਨ੍ਹਾਂ ਦਾ ਹੱਲ ਆਪਸੀ ਸਹਿਮਤੀ ਨਾਲ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕ ਅਦਾਲਤ ਵਲੋਂ ਸੁਣਾਇਆ ਗਿਆ ਫੈਸਲਾ ਆਮ ਅਦਾਲਤ ਵਲੋਂ ਸੁਣਾਏ ਗਏ ਫੈਸਲੇ ਵਾਂਗ ਹੀ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕ ਅਦਾਲਤ 'ਚ ਸਸਤਾ ਤੇ ਪਹੁੰਚਯੋਗ ਨਿਆਂ ਉਪਲੱਬਧ ਹੁੰਦਾ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕ ਅਦਾਲਤ 'ਚ ਲੋਕਾਂ ਦੇ ਕੇਸਾਂ ਦਾ ਨਿਪਟਾਰਾ ਬਿਨਾਂ ਸਮੇਂ ਤੇ ਪੈਸੇ ਦੀ ਬਰਬਾਦੀ ਤੋਂ ਹੁੰਦਾ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕ ਅਦਾਲਤ 'ਚ ਨਾ ਤਾਂ ਕੋਈ ਧਿਰ ਜਿੱਤਦੀ ਹੈ ਤੇ ਨਾ ਹੀ ਹਾਰਦੀ ਹੈ, ਸਗੋਂ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਵਿਵਾਦਾਂ ਦਾ ਨਿਪਟਾਰਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਾਨੂੰਨੀ ਸਹਾਇਤਾ ਲਈ ਨਾਲਸਾ ਦੇ ਟੋਲ ਫ੍ਰੀ ਨੰ. 15100 'ਤੇ ਸੰਪਰਕ ਕਰ ਸਕਦਾ ਹੈ |