ਨਵੀਂ ਦਿੱਲੀ, 24 ਫਰਵਰੀ (ਮਿਸਰਦੀਪ ਭਾਟੀਆ)-ਉੱਤਮ ਨਗਰ ਈਸਟ ਮੈਟਰੋ ਸਟੇਸ਼ਨ 'ਤੇ ਇਕ ਵਿਅਕਤੀ ਨੇ ਮੰਗਲਵਾਰ ਸਵੇਰੇ ਟਰੈਕ 'ਤੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਇਹ ਘਟਨਾ ਸਵੇਰੇ 10.12 ਵਜੇ ਦੇ ਕਰੀਬ ਵਾਪਰੀ | ਮੈਟਰੋ ਦੇ ਡੀ. ਸੀ. ਪੀ. ਕੁਸ਼ਲ ਪਾਲ ਸਿੰਘ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਵਿਅਕਤੀ ਡਿਪਰੈਸ਼ਨ ਤੋਂ ਪੀੜਤ ਸੀ | ਡੀ. ਸੀ. ਪੀ. ਦੇ ਮੁਤਾਬਿਕ ਉੱਤਮ ਨਗਰ ਈਸਟ ਮੈਟਰੋ ਸਟੇਸ਼ਨ ਦੇ ਕੰਟਰੋਲਰ ਤੋਂ ਸੂਚਨਾਂ ਮਿਲਣ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਪਹੁੰਚਣ 'ਤੇ ਪਤਾ ਲੱਗਾ ਕਿ ਇਕ ਵਿਅਕਤੀ ਨੇ ਉੱਤਮ ਨਗਰ ਈਸਟ ਮੈਟਰੋ ਸਟੇਸ਼ਨ ਦੇ ਪਲੇਵਫਾਰਮ ਤੋਂ ਪਟੜੀਆਂ 'ਤੇ ਉੱਤਰ ਕੇ ਖ਼ੁਦਕੁਸ਼ੀ ਕਰ ਲਈ ਹੈ | ਲਾਸ਼ ਨੂੰ ਤੁਰੰਤ ਪਟੜੀਆਂ ਤੋਂ ਬਾਹਰ ਕੱਢਿਆ ਗਿਆ | ਮਿ੍ਤਕ ਦੀ ਪਛਾਣ ਮਹਾਰਾਜ ਸਿੰਘ (45) ਵਜੋਂ ਹੋਈ ਹੈ ਅਤੇ ਉਹ ਰਾਜਸਥਾਨ ਦੇ ਕਰੌਲੀ ਦਾ ਰਹਿਣ ਵਾਲਾ ਸੀ | ਉਹ ਪੇਂਟਰ ਦਾ ਕੰਮ ਕਰਦਾ ਸੀ | ਡੀ. ਸੀ. ਪੀ. ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਮਿ੍ਤਕ ਕਈ ਸਾਲਾਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਮਿ੍ਤਕ ਨੇ ਕੱਲ੍ਹ ਸੋਮਵਾਰ ਨੂੰ ਹੀ ਹਸਪਤਾਲ ਵਿਚ ਡਾਕਟਰਾਂ ਨਾਲ ਸਲਾਹ ਵੀ ਕੀਤੀ ਸੀ | ਉਹ ਉੱਤਮ ਨਗਰ ਵਿਚ ਰਹਿਣ ਵਾਲੇ ਆਪਣੇ ਵੱਡੇ ਭਰਾ ਦੀ ਧੀ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਦਿੱਲੀ ਆਈ ਸੀ | ਮਿ੍ਤਕ ਦੇ ਪਰਿਵਾਰ ਵਿਚ ਪਤਨੀ, 18 ਸਾਲ ਦੀ ਧੀ ਅਤੇ 17 ਅਤੇ 20 ਸਾਲ ਦੇ ਦੋ ਪੁੱਤਰ ਹਨ | ਲਾਸ਼ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਭੇਜ ਦਿੱਤਾ ਗਿਆ ਹੈ | ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |