ਟੋਹਾਣਾ, 3 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਸ਼ਹਿਰ ਵਿੱਚ ਮੀਂਹ ਪੈਣ ਤੋਂ ਬਾਅਦ ਆਸਮਾਨ ਵਿੱਚ ਖ਼ੂਬਸੂਰਤ ਸਤਰੰਗੀ ਪੀਂਘ ਦੇਖਣ ਨੂੰ ਮਿਲੀ, ਜਿਸ ਨੇ ਹਰ ਕਿਸੇ ਦਾ ਦਿਲ ਮੋਹ ਲਿਆ | ਰੰਗਾਂ ਨਾਲ ਰੰਗਿਆ ਇਹ ਨਜ਼ਾਰਾ ਇੰਨਾ ਮਨਮੋਹਕ ਸੀ ਕਿ ਲੋਕ ਇਸ ਨੂੰ ਦੇਖਦੇ ਹੀ ਰਹਿ ਗਏ ਅਤੇ ਕਈਆਂ ਨੇ ਇਸ ਸੁਹਾਵਣੇ ਪਲ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕੀਤਾ | ਪ੍ਰਕਿਰਤੀ ਵੱਲੋਂ ਬਿਖੇਰੇ ਇਹ ਰੰਗ ਖ਼ੁਸ਼ੀ ਅਤੇ ਸਕੂਨ ਦਾ ਅਹਿਸਾਸ ਕਰਵਾ ਰਹੇ ਸਨ, ਪਰ ਇਸ ਦੇ ਨਾਲ ਹੀ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਵੀ ਸਾਫ਼ ਨਜ਼ਰ ਆਈ | ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਿਹਨਤ ਦੀ ਕਮਾਈ ਫ਼ਸਲ ਹੁਣ ਕਟਾਈ ਲਈ ਤਿਆਰ ਖੜੀ ਹੈ ਅਤੇ ਇਸ ਸਮੇਂ ਮੀਂਹ ਪੈਣ ਨਾਲ ਨੁਕਸਾਨ ਹੋ ਸਕਦਾ ਹੈ | ਉਹ ਰੱਬ ਅੱਗੇ ਅਰਦਾਸ ਕਰ ਰਹੇ ਹਨ ਕਿ ਮੌਸਮ ਮਿਹਰਬਾਨ ਰਹੇ ਅਤੇ ਉਨ੍ਹਾਂ ਦੀ ਫ਼ਸਲ ਨੂੰ ਕੋਈ ਨੁਕਸਾਨ ਨਾ ਪਹੁੰਚੇ | ਇੱਕ ਪਾਸੇ ਜਿੱਥੇ ਸਤਰੰਗੀ ਪੀਂਘ ਨੇ ਲੋਕਾਂ ਨੂੰ ਖ਼ੁਸ਼ੀ ਦਿੱਤੀ, ਉੱਥੇ ਹੀ ਦੂਜੇ ਪਾਸੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ |