ਨਾਰਾਇਣਗੜ੍ਹ, 17 ਅਪ੍ਰੈਲ (ਪੀ. ਸਿੰਘ)-ਐਸ. ਡੀ. ਐਮ. ਸ਼ਿਵਜੀਤ ਭਾਰਤੀ ਵਲੋਂ ਅੱਜ ਨਾਰਾਇਣਗੜ੍ਹ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੇ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਅਤੇ ਸੰਬੰਧਿਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਣਕ ਦੀ ਲਿਫਟਿੰਗ ਵਿਚ ਤੇਜ਼ੀ ਲਿਆਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ | ਇਸ ਦੌਰਾਨ ਕਮਿਸ਼ਨ ਏਜੰਟਾਂ ਅਤੇ ਕਿਸਾਨਾਂ ਨੇ ਉਨ੍ਹਾਂ ਕੋਲ ਕਣਕ ਦੀ ਲਿਫਟਿੰਗ ਵਿਚ ਦੇਰੀ ਦਾ ਮੁੱਦਾ ਉਠਾਇਆ, ਜਿਸ 'ਤੇ ਤੁਰੰਤ ਮਾਮਲੇ ਦਾ ਨੋਟਿਸ ਲੈਂਦਿਆਂ ਐਸ. ਡੀ. ਐਮ. ਨੇ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਹੈਫੇਡ, ਵੇਅਰ ਹਾਊਸ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟਰਾਂਸਪੋਰਟਰਾਂ ਵਲੋਂ ਮੁਹੱਈਆ ਕਰਵਾਏ ਗਏ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਜੇਕਰ ਲਿਫਟਿੰਗ ਲਈ ਨਿਰਧਾਰਤ ਗਿਣਤੀ ਤੋਂ ਘੱਟ ਵਾਹਨ ਵਰਤੇ ਪਾਏ ਜਾਂਦੇ ਹਨ ਤਾਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਿਯਮਾਂ ਅਨੁਸਾਰ ਜੁਰਮਾਨੇ ਕੀਤੇ ਜਾਣ | ਉਨ੍ਹਾਂ ਕਿਹਾ ਕਿ ਸਮੇਂ ਸਿਰ ਲਿਫਟਿੰਗ ਨਾ ਹੋਣ ਕਾਰਨ ਕਮਿਸ਼ਨ ਏਜੰਟਾਂ ਅਤੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੰਡੀਆਂ ਵਿਚ ਹਫੜਾ-ਦਫੜੀ ਪੈਦਾ ਹੁੰਦੀ ਹੈ | ਕਮਿਸ਼ਨ ਏਜੰਟਾਂ ਦੀ ਬੇਨਤੀ 'ਤੇ ਐਸ. ਡੀ. ਐਮ. ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਕਣਕ ਦੀ ਲਿਫਟਿੰਗ ਤਾਰੀਖ ਅਨੁਸਾਰ ਕੀਤੀ ਜਾਵੇ ਤਾਂ ਜੋ ਮੰਡੀਆਂ 'ਚ ਅਨਾਜ ਦਾ ਬੇਲੋੜਾ ਭੰਡਾਰ ਨਾ ਹੋਵੇ ਅਤੇ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲੇ | ਇਸ ਦੌਰੇ ਦੌਰਾਨ ਉਨ੍ਹਾਂ ਕਣਕ ਦੇ ਤੋਲਣ ਵਾਲੇ ਸਿਸਟਮ ਅਤੇ ਨਮੀ ਦੀ ਮਾਤਰਾ ਦਾ ਵੀ ਨਿਰੀਖਣ ਕੀਤਾ | ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਮਾਪਦੰਡਾਂ ਅਨੁਸਾਰ ਸਿਰਫ 12 ਪ੍ਰਤੀਸ਼ਤ ਤੱਕ ਨਮੀ ਵਾਲੀ ਕਣਕ ਹੀ ਖਰੀਦੀ ਜਾ ਸਕਦੀ ਹੈ | ਐਸ. ਡੀ. ਐਮ. ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੀ ਸੁਚਾਰੂ ਅਤੇ ਪਾਰਦਰਸ਼ੀ ਖਰੀਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ 'ਚ ਕਣਕ ਦੀ ਖਰੀਦ, ਸਟੋਰੇਜ ਅਤੇ ਲਿਫਟਿੰਗ, ਨਾਲ ਸਬੰਧਤ ਸਾਰੇ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾਣ ਅਤੇ ਪੀਣ ਵਾਲੇ ਪਾਣੀ, ਬਿਜਲੀ, ਪਖਾਨੇ, ਸੈਨੀਟੇਸ਼ਨ ਅਤੇ ਕਿਸਾਨਾਂ ਲਈ ਹੋਰ ਜ਼ਰੂਰੀ ਸਹੂਲਤਾਂ ਦੀ ਉਪਲਬਧਤਾ ਦੀ ਨਿਯਮਤ ਤੌਰ 'ਤੇ ਨਿਗਰਾਨੀ ਕੀਤੀ ਜਾਵੇ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰਿੰਦਰ ਰਾਣਾ ਕੁਰਾਲੀ, ਸਕੱਤਰ ਅਖਿਲੇਸ਼ ਸ਼ਰਮਾ, ਕਮਿਸ਼ਨ ਏਜੰਟ ਸੰਦੀਪ ਚੌਧਰੀ, ਓ. ਪੀ. ਚਾਨਣਾ, ਰਾਹੁਲ, ਸੋਨੂੰ, ਉਮੇਸ਼ ਕੁਮਾਰ ਆਦਿ ਕਮਿਸ਼ਨ ਏਜੰਟ ਅਤੇ ਕਿਸਾਨ ਮੌਜੂਦ ਸਨ |