ਨਵੀਂ ਦਿੱਲੀ, 17 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਨਗਰ ਨਿਗਮ ਨੂੰ ਜਲਦੀ ਹੀ ਨਵਾਂ ਮੇਅਰ ਮਿਲੇਗਾ ਅਤੇ 29 ਅਪ੍ਰੈਲ ਨੂੰ ਪਤਾ ਲੱਗ ਜਾਵੇਗਾ ਕਿ ਦਿੱਲੀ ਦਾ ਅਗਲਾ ਮੇਅਰ ਕੌਣ ਹੋਵੇਗਾ | ਇਸਦੇ ਨਾਲ ਹੀ ਇਸੇ ਹੀ ਦਿਨ ਸਟੈਂਡਿੰਗ ਕਮੇਟੀ ਦੇ ਤਿੰਨ ਮੈਂਬਰਾਂ ਦੀ ਚੋਣ ਦਾ ਕੰਮ ਵੀ ਪੂਰਾ ਹੋ ਜਾਵੇਗਾ | ਨਗਰ ਨਿਗਮ ਵਲੋਂ ਮੇਅਰ ਅਤੇ ਡਿਪਟੀ ਮੇਅਰ ਨਾਲ ਸਟੈਂਡਿੰਗ ਕਮੇਟੀ ਦੀ ਤਿੰਨ ਮੈਂਬਰਾਂ ਦੀ ਚੋਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਇਨ੍ਹਾਂ ਸਾਰੇ ਅਹੁਦਿਆਂ ਲਈ ਨਾਮਾਂਕਨ ਦਾਖ਼ਲ ਕਰਨ ਦੀ ਆਖ਼ਰੀ ਮਿਤੀ 23 ਅਪ੍ਰੈਲ ਹੈ | ਨਗਰ ਨਿਗਮ ਅਤੇ ਦਿੱਲੀ ਸਰਕਾਰ ਵਿਚ ਬਹੁਮਤ ਹੋਣ ਨਾਲ ਦਿੱਲੀ ਵਿਚ ਲੋਕ ਸਭਾ ਦੇ 7 ਸੰਸਦ ਮੈਂਬਰ ਬੀ.ਜੇ.ਪੀ. ਦੇ ਹਨ | ਨਗਰ ਨਿਗਮ ਬਗ਼ੈਰ ਕਿਸੇ ਦੀ ਮਦਦ ਦੇ ਆਪਣਾ ਮੇਅਰ ਬਣਾ ਸਕਦੀ ਹੈ | ਬੀ.ਜੇ.ਪੀ. ਨਗਰ ਨਿਗਮ ਵਿਚ ਸੱਤਾ ਵਿਚ ਹੈ | ਨਗਰ ਨਿਗਮ ਵਿਚ 250 ਪਾਰਸ਼ਦਾਂ ਵਿਚੋਂ ਬੀ.ਜੇ.ਪੀ. ਕੋਲ 123 ਨਿਗਮ ਪਾਰਸ਼ਦ ਹਨ | ਇਸ ਨਾਲ ਹੀ 11 ਵਿਧਾਇਕਾਂ ਦੇ ਇਲਾਵਾ ਦਿੱਲੀ ਦੇ ਸੱਤ ਸੰਸਦ ਵੀ ਮੇਅਰ ਦੀ ਚੋਣ ਪ੍ਰਤੀ ਵੋਟ ਪਾਉਂਦੇ ਹਨ | ਕੁੱਲ ਮਿਲਾ ਕੇ ਬੀ.ਜੇ.ਪੀ. ਦੀਆਂ ਵੋਟਾਂ ਦੀ ਗਿਣਤੀ 141 ਬਣੀ ਹੈ |