ਨਵੀਂ ਦਿੱਲੀ, 17 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਸ਼ਕੂਰ ਬਸਤੀ ਦੇ ਰਿਸ਼ੀ ਨਗਰ ਵਿਖੇ ਰਹਿਣ ਵਾਲੇ ਸਮਾਜ ਸੇਵੀ ਅਸ਼ੋਕ ਕੁਮਾਰ ਸਭਰਵਾਲ ਦੀ ਇਕ ਛੋਟੀ ਜਿਹੀ ਪਹਿਲ ਅੱਜ ਇਕ ਮੁਹਿੰਮ ਬਣ ਚੁੱਕੀ ਹੈ | ਸ੍ਰੀ ਸਭਰਵਾਲ ਆਰਥਿਕ ਰੂਪ ਤੋਂ ਕਮਜ਼ੋਰ ਵਿਦਿਆਰਥੀਆਂ ਦੀਆਂ ਅੱਖਾਂ ਦੀ ਰੋਸ਼ਨੀ ਸੁਧਾਰਨ ਦੇ ਪ੍ਰਤੀ ਉਨ੍ਹਾਂ ਨੂੰ ਐਨਕਾਂ ਮੁਫ਼ਤ ਲਗਵਾ ਰਹੇ ਹਨ | 16 ਅਪ੍ਰੈਲ 2026 ਤੀਕ 1500 ਲੋੜਵੰਦ ਵਿਦਿਆਰਥੀਆਂ ਨੂੰ ਐਨਕਾਂ ਲਗਾ ਦਿੱਤੀਆਂ ਗਈਆਂ ਹਨ | ਸ੍ਰੀ ਸਭਰਵਾਲ ਦਾ ਕਹਿਣਾ ਹੈ ਕਿ ਇਹ ਮੁਹਿੰਮ ਹੁਣ ਵੱਡੇ ਪੱਧਰ 'ਤੇ ਪੁੱਜ ਗਈ ਹੈ ਅਤੇ ਰੋਜ਼ਾਨਾ ਵਿਦਿਆਰਥੀ ਉਨ੍ਹਾਂ ਦੇ ਨਾਲ ਸੰਪਰਕ ਕਰਕੇ ਮੁਫ਼ਤ ਐਨਕਾਂ ਲੈ ਰਹੇ ਹਨ | ਇਸ ਮਾਮਲੇ ਪ੍ਰਤੀ ਇਕ ਸ਼ਰਤ ਹੈ ਕਿ ਵਿਦਿਆਰਥੀ ਕਿਸੇ ਵੀ ਸਰਕਾਰੀ ਸਕੂਲ ਦਾ ਵਿਦਿਆਰਥੀ ਹੋਵੇ ਅਤੇ ਉਸ ਦੇ ਕੋਲ ਸਕੂਲ ਦਾ ਪਹਿਚਾਣ ਪੱਤਰ ਹੋਵੇ | ਇਸ ਮੁਹਿੰਮ ਦੇ ਪ੍ਰਤੀ ਗੁਨੀਸ਼ ਆਪਟੀਕਲਜ਼, ਰੋਹਿਲਾ ਆਪਟੀਕਲਜ਼, ਸਰਾਫ਼ ਚੈਰੀਟੇਬਲ ਹਸਪਤਾਲ ਅੱਖਾਂ ਦੇ ਮਾਹਿਰ ਡਾਕਟਰ ਨੀਰਜ ਵਰਮਾ ਵੀ ਹਰ ਪੱਖ ਤੋਂ ਸਹਿਯੋਗ ਦੇ ਰਹੇ ਹਨ | ਅਸ਼ੋਕ ਕੁਮਾਰ ਸਭਰਵਾਲ ਦੀ ਟੀਮ ਦਿੱਲੀ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਐਨਕਾਂ ਦੇ ਨੰਬਰ ਅਨੁਸਾਰ ਸਕੂਲ ਵਿਚ ਦੇ ਕੇ ਆਉਂਦੀ ਹੈ | ਅਸ਼ੋਕ ਸਭਰਵਾਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਨਾਲ ਲੋਕ ਲਗਾਤਾਰ ਜੁੜਦੇ ਜਾ ਰਹੇ ਹਨ |