ਯਮੁਨਾਨਗਰ, 17 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਵਿਖੇ ਕਾਲਜ ਦੀ ਭਾਰਤੀ ਗਿਆਨ ਪ੍ਰਣਾਲੀ ਕਮੇਟੀ ਅਤੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਵਲੋਂ ਸਾਂਝੇ ਤੌਰ 'ਤੇ ਭਾਰਤੀ ਗਿਆਨ ਪ੍ਰਣਾਲੀ 'ਤੇ ਆਧਾਰਿਤ ਇਕ ਰੋਜ਼ਾ ਰਾਸ਼ਟਰੀ ਆਨਲਾਈਨ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਨੇ ਮਹਿਮਾਨਾਂ ਅਤੇ ਆਨਲਾਈਨ ਜੁੜੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅੱਜ ਦੇ ਸੈਮੀਨਾਰ ਦੀ ਮਹੱਤਤਾ 'ਤੇ ਰੋਸ਼ਨੀ ਪਾਈ ਅਤੇ ਭਾਰਤੀ ਗਿਆਨ ਪ੍ਰਣਾਲੀ ਦੇ ਆਧੁਨਿਕ ਯੁੱਗ ਵਿਚ ਮਹੱਤਵ ਨੂੰ ਉਜਾਗਰ ਕੀਤਾ | ਇਸ ਮੌਕੇ ਮਹਿਮਾਨਾਂ ਨੂੰ ਕਾਲਜ ਡਾਇਰੈਕਟਰ ਵਰਿੰਦਰ ਕੌਰ ਗਾਂਧੀ ਅਤੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਨੇ ਯਾਦਗਾਰੀ ਚਿੰਨ੍ਹ ਭੇਟ ਕੀਤਾ | ਇਸ ਤੋਂ ਬਾਅਦ ਸੈਮੀਨਾਰ ਪ੍ਰਬੰਧਕ ਕਮੇਟੀ ਵਲੋਂ ਡਾ. ਅੰਜੂ ਮਿੱਤਲ ਨੇ ਮੰਚ 'ਤੇ ਮੌਜੂਦ ਸਪੀਕਰਾਂ ਨਾਲ ਸਭ ਦੀ ਜਾਣ-ਪਛਾਣ ਕਰਵਾਈ | ਇਸ ਸੈਮੀਨਾਰ ਦੌਰਾਨ ਭਾਰਤੀ ਦਰਸ਼ਨ, ਯੋਗ, ਧਿਆਨ ਅਤੇ ਆਤਮਿਕ ਮੁੱਲਾਂ ਵਰਗੀਆਂ ਪ੍ਰਾਚੀਨ ਪ੍ਰੰਪਰਾਵਾਂ ਨੂੰ ਆਧੁਨਿਕ ਪਾਠਕ੍ਰਮ ਨਾਲ ਜੋੜਨ ਦੇ ਵੱਖ-ਵੱਖ ਪੱਖਾਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ | ਇਸ ਦੌਰਾਨ ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਭਾਰਤੀ ਗਿਆਨ ਪ੍ਰਣਾਲੀ ਨਾ ਸਿਰਫ਼ ਸਾਡੀ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ, ਸਗੋਂ ਇਹ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੀ ਬਹੁਤ ਮਹੱਤਵਪੂਰਨ ਹੈ | ਇਸ ਮੌਕੇ ਪ੍ਰੋ. (ਡਾ.) ਆਰ. ਕੇ. ਦੇਸਵਾਲ (ਕੁਰੂਕਸ਼ੇਤਰ ਯੂਨੀਵਰਸਿਟੀ) ਨੇ ਪ੍ਰੋਗਰਾਮ ਦੇ ਚੇਅਰਮੈਨ ਵਜੋਂ ਸੈਮੀਨਾਰ ਦੀ ਸ਼ੋਭਾ ਵਧਾਈ, ਜਦਕਿ ਮੁੱਖ ਬੁਲਾਰੇ ਵਜੋਂ ਡਾ. ਕਾਵੇਰੀ ਸਵਾਮੀ (ਕਿ੍ਸਟੂ ਜਯੰਤੀ ਯੂਨੀਵਰਸਿਟੀ ਬੈਂਗਲੋਰ) ਨੇ ਆਪਣੇ ਗਹਿਰੇ ਅਤੇ ਵਿਸ਼ਲੇਸ਼ਣਾਤਮਕ ਵਿਚਾਰ ਪ੍ਰਗਟ ਕੀਤੇ ਅਤੇ ਸਹਿ ਬੁਲਾਰੇ ਵਜੋਂ ਡਾ. ਸ਼ਿਵ ਕੁਮਾਰ ਸੈਣੀ (ਜ਼ਿਲ੍ਹਾ ਯੋਗ ਕੋਆਰਡੀਨੇਟਰ ਯਮੁਨਾਨਗਰ) ਨੇ ਵੀ ਵਿਸ਼ੇ 'ਤੇ ਵਿਸਥਾਰ ਸਹਿਤ ਰੌਸ਼ਨੀ ਪਾਈ | ਇਸ ਸੈਮੀਨਾਰ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭਾਰਤੀ ਗਿਆਨ ਪ੍ਰਣਾਲੀ ਦੇ ਮੂਲ ਸਿਧਾਂਤਾਂ ਨਾਲ ਜਾਣੂ ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ਅਧਿਆਪਕ ਡਾ. ਅਨੁਭਾ ਜੈਨ, ਡਾ. ਮੀਨਾਕਸ਼ੀ ਗੁਪਤਾ, ਡਾ. ਅਮਿਤਾ ਰੇਡੂ, ਡਾ. ਅੰਜੂ ਮਿੱਤਲ ਅਤੇ ਵਿਦਿਆਰਥੀਆਂ ਨੇ ਇਸ ਨਵੇਂ ਤੇ ਗਿਆਨ ਵਰਧਕ ਵਿਸ਼ੇ 'ਤੇ ਆਧਾਰਿਤ ਸੈਮੀਨਾਰ ਵਿਚ ਸ਼ਮੂਲੀਅਤ ਕਰਦੇ ਹੋਏ ਸੈਮੀਨਾਰ ਨੂੰ ਸਫ਼ਲ ਬਣਾਇਆ |