ਨਵੀਂ ਦਿੱਲੀ, 20 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਘਰੇਲੂ ਗੈਸ ਦੀ ਹੋ ਰਹੀ ਦਿੱਕਤ ਨੂੰ ਵੇਖਦੇ ਹੋਏ ਲੋਕਾਂ ਨੇ ਇੰਡਕਸ਼ਨ (ਬਿਜਲੀ ਨਾਲ ਚੱਲਣ ਵਾਲਾ ਚੁੱਲ੍ਹਾ) ਦੀ ਵਰਤੋਂ ਸ਼ੁਰੂ ਕੀਤੀ ਹੋਈ ਹੈ, ਜਿਸ ਕਰ ਕੇ ਇਸ ਦੀ ਮੰਗ ਵਧ ਜਾਣ ਕਰ ਕੇ ਇਸ ਦੀ ਕੀਮਤ ਪਹਿਲਾਂ ਦੇ ਨਾਲੋਂ ਜ਼ਿਆਦਾ ਹੋ ਗਈ ਹੈ | ਲੋਕ ਇਸ ਦੀ ਵਰਤੋਂ ਕਰ ਕੇ ਡੰਗ ਟਪਾ ਰਹੇ ਹਨ | ਅਜਿਹਾ ਹੋਣ 'ਤੇ ਬਿਜਲੀ ਦੀ ਮੰਗ ਪਹਿਲਾਂ ਦੇ ਨਾਲੋਂ ਵਧ ਗਈ ਹੈ ਅਤੇ ਲੋਕਾਂ ਦੇ ਬਿਜਲੀ ਦੇ ਬਿੱਲ ਵਿਚ ਵਾਧਾ ਹੋਇਆ ਹੈ | ਬੇਸ਼ੱਕ ਲੋਕਾਂ ਨੂੰ ਬਿਜਲੀ ਦਾ ਬਿੱਲ ਭਰਨਾ ਔਖਾ ਹੋ ਰਿਹਾ ਹੈ, ਪੰ੍ਰਤੂ ਮਜਬੂਰੀ ਵਿਚ ਉਨ੍ਹਾਂ ਨੂੰ ਅਜਿਹਾ ਕਰਨਾ ਪੈ ਰਿਹਾ ਹੈ | ਲੋਕ ਦੇਸੀ ਚੁੱਲ੍ਹਾ ਜਲਾਉਣ ਤੋਂ ਪ੍ਰਹੇਜ਼ ਕਰ ਰਹੇ ਹਨ ਕਿਉਂਕਿ ਇਕ ਤਾਂ ਥਾਂ ਦੀ ਕਮੀ ਅਤੇ ਦੂਸਰਾ ਧੂੰਏਾ ਦੀ ਸਮੱਸਿਆ ਹੈ | ਇਸ ਕਰਕੇ ਲੋਕ ਬਿਜਲੀ ਦੇ ਚੁੱਲ੍ਹੇ ਦੀ ਵਰਤੋਂ ਕਰ ਰਹੇ ਹਨ | ਬਿਜਲੀ ਦੀ ਮੰਗ ਜ਼ਿਆਦਾ ਕਰਕੇ ਸਵੇਰੇ-ਸ਼ਾਮ ਵਧ ਰਹੀ ਹੈ, ਕਿਉਂਕਿ ਇਸ ਸਮੇਂ ਘਰਾਂ ਵਿਚ ਖਾਣਾ ਬਣਦਾ ਹੈ | ਉਧਰ ਬਾਜ਼ਾਰਾਂ ਵਿਚ ਗੈਸ ਸਿਲੰਡਰ ਦੀ ਕਾਲਾਬਾਜ਼ਾਰੀ ਵੀ ਜ਼ੋਰਾਂ 'ਤੇ ਚੱਲ ਰਹੀ ਹੈ | ਸਰਕਾਰ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਤਾਂ ਕਰ ਰਹੀ ਹੈ, ਪੰ੍ਰਤੂ ਕਾਲਾਬਾਜ਼ਾਰੀ ਰੁਕ ਨਹੀਂ ਰਹੀ |