ਨਵੀਂ ਦਿੱਲੀ, 20 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਤਾਪਮਾਨ ਵਧਦਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦਿਨ ਵਿਚ ਵਧਦੇ ਤਾਪਮਾਨ ਦੇ ਨਾਲ-ਨਾਲ ਹੁਣ ਰਾਤ ਵੀ ਗਰਮ ਹੋ ਰਹੀ ਹੈ | 19 ਅਪ੍ਰੈਲ ਨੂੰ ਅਧਿਕਤਮ ਤਾਪਮਾਨ 40.1 ਡਿਗਰੀ ਦਰਜ ਕੀਤਾ ਗਿਆ ਹੈ | ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ 20 ਤੋਂ 25 ਅਪ੍ਰੈਲ ਨੂੰ ਇਹ 40-43 ਡਿਗਰੀ ਰਹਿ ਸਕਦਾ ਹੈ | 22 ਤੋਂ 24 ਅਪ੍ਰੈਲ ਨੂੰ ਲੂ ਚੱਲਣ ਦੀ ਵੀ ਉਮੀਦ ਬਣੀ ਹੋਈ ਹੈ | ਪਿਛਲੇ ਦਿਨੀਂ ਬਾਰਿਸ਼ ਪੈਣ 'ਤੇ ਦਿੱਲੀ ਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ ਪ੍ਰੰਤੂ ਹੁਣ ਹਵਾ ਦੀ ਗੁਣਵੱਤਾ ਖ਼ਰਾਬ ਹੋ ਗਈ ਹੈ | ਐਨ.ਸੀ.ਆਰ. ਵਿਚ ਗਾਜ਼ੀਆਬਾਦ ਅਤੇ ਗਰੇਟਰ ਨੋਇਡਾ ਦੀ ਹਵਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੋਈ ਹੈ ਅਤੇ ਇਥੇ ਏ.ਕਿਊ.ਆਈ. 336 ਦਰਜ ਕੀਤਾ ਗਿਆ ਹੈ ਜੋ ਕਿ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਗਿਣਿਆ ਜਾਂਦਾ ਹੈ | ਹਵਾ ਪ੍ਰਦੂਸ਼ਿਤ ਹੋਣ ਕਾਰਨ ਲੋਕਾਂ ਦੀ ਸਿਹਤ 'ਤੇ ਪ੍ਰਭਾਵ ਪੈਂਦਾ ਹੈ, ਜਿਸ ਕਰਕੇ ਲੋਕਾਂ ਨੂੰ ਖਾਂਸੀ, ਬੁਖ਼ਾਰ, ਗਲਾ ਤੇ ਪੇਟ ਦਰਦ ਦੀ ਸ਼ਿਕਾਇਤ ਹੋ ਰਹੀ ਹੈ |