ਨਵੀਂ ਦਿੱਲੀ, 20 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਪ੍ਰੋ. ਗੁਰਵਿੰਦਰ ਕੌਰ ਭੋਗਲ ਦੀ ਪੁਸਤਕ 'ਸਿੱਖ ਕੀਰਤਨ ਐਂਡ ਇਟਸ ਜਰਨੀ' 'ਤੇ ਵਿਚਾਰ ਚਰਚਾ ਕੀਤੀ ਗਈ | ਸ਼ੁਰੂ ਵਿਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ | ਪ੍ਰੋ. ਮਦਨ ਗੋਪਾਲ ਸਿੰਘ ਨੇ ਪੁਸਤਕ ਦੇ ਆਧਾਰ 'ਤੇ ਗੁਰਬਾਣੀ ਸੰਗੀਤ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਕਮਾਲ ਦੀ ਰਚਨਾ ਹੈ | ਡਾ. ਅਲੰਕਾਰ ਸਿੰਘ ਨੇ ਕਿਹਾ ਕਿ ਲੇਖਿਕਾਂ ਨੇ ਰਾਗ, ਪੜਤਾਲ, ਘਰ ਤੇ ਹੋਰ ਸੰਗੀਤਕ ਚਿੰਨ੍ਹਾਂ ਦੀ ਗੱਲ ਕੀਤੀ ਹੈ | ਪੁਸਤਕ ਵਿਚ ਲੇਖਿਕਾ ਨੇ ਕੀਰਤਨ, ਗਾਇਕੀ ਦੇ ਨਾਲ-ਨਾਲ ਆਲੇ-ਦੁਆਲੇ 'ਚ ਵਾਪਰਦੇ ਹਾਲਾਤਾਂ ਦਾ ਵੀ ਵਿਸ਼ਲੇਸ਼ਣ ਕੀਤਾ ਹੈ | ਡਾ. ਹਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਇਹ ਪੁਸਤਕ ਕੀਰਤਨ ਪ੍ਰੰਪਰਾ ਨੂੰ ਜਿਊਾਦੇ ਜਾਗਦੇ ਸਫ਼ਰ ਵਾਂਗ ਬਿਆਨ ਕਰਦੀ ਹੈ | ਪੁਸਤਕ ਦੀ ਲੇਖਿਕਾ ਪ੍ਰੋ. ਗੁਰਵਿੰਦਰ ਕੌਰ ਨੇ ਕਿਹਾ ਕਿ ਪੁਸਤਕ ਲਿਖਣ ਵਿਚ ਉਨ੍ਹਾਂ ਨੂੰ 20 ਸਾਲ ਲੱਗੇ ਜੋ ਕਿ ਸੰਗੀਤ ਪ੍ਰੇਮ ਤੇ ਕੋਸ਼ਿਸ਼ਾਂ ਦਾ ਸਿੱਟਾ ਹੈ | ਇਸ ਮੌਕੇ ਗੁਰਸ਼ਰਨ ਕੌਰ ਨੇ ਪੁਸਤਕ 'ਤੇ ਬੋਲਣ ਵਾਲਿਆਂ ਅਤੇ ਵਿਦਿਆਰਥੀਆਂ ਨੂੰ ਸਦਨ ਦੀਆਂ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ | ਅਖ਼ੀਰ ਵਿਚ ਡਾ. ਮਹਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ |