ਨਵੀਂ ਦਿੱਲੀ, 24 ਅਪੈ੍ਰਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਏਮਜ਼ ਹਸਪਤਾਲ ਵਿਚ ਨਾਇਟ ਓ.ਪੀ.ਡੀ. ਸ਼ੁਰੂ ਕਰਨ ਦੇ ਲਈ ਵਿਚਾਰ ਕੀਤਾ ਜਾ ਰਿਹਾ ਹੈ | ਜਿਸ ਦਾ ਉਦੇਸ਼ ਹੈ ਕਿ ਵਿਸ਼ੇਸ਼ ਤੌਰ 'ਤੇ ਓ.ਪੀ.ਡੀ. ਵਿਚ ਹੋ ਰਹੀ ਭੀੜ ਨੂੰ ਘੱਟ ਕੀਤਾ ਜਾਵੇ | ਇਸ ਹਸਪਤਾਲ ਦੇ ਵਿਚ ਦਿਨ ਦੇ ਸਮੇਂ ਓ.ਪੀ.ਡੀ. ਵਿਚ ਇੰਨੀ ਭੀੜ ਹੁੰਦੀ ਹੈ ਕਿ ਕਈਆਂ ਦਾ ਨੰਬਰ ਹੀ ਨਹੀਂ ਆਉਂਦਾ | ਦਿੱਲੀ ਦਾ ਏਮਜ਼ ਹਸਪਤਾਲ ਦੇਸ਼ ਦਾ ਸਭ ਤੋਂ ਵੱਡਾ ਹਸਪਤਾਲ ਹੈ ਜਿੱਥੇ ਕਿ ਰੋਜ਼ਾਨਾ 15 ਤੋਂ ਲੈ ਕੇ 17 ਹਜ਼ਾਰ ਦੇ ਕਰੀਬ ਮਰੀਜ਼ ਇੱਥੋਂ ਦੀ ਓ.ਪੀ.ਡੀ. ਦੇ ਵਿਚ ਆਪਣੇ ਇਲਾਜ ਪ੍ਰਤੀ ਦਿੱਲੀ ਅਤੇ ਹੋਰਨਾਂ ਰਾਜਾਂ ਦੇ ਵਿਚੋਂ ਆਉਂਦੇ ਹਨ, ਜਿਸ ਕਰਕੇ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ | ਇਸੇ ਕਰਕੇ ਉਪਰੋਕਤ ਵਿਵਸਥਾ ਦੇ ਪ੍ਰਤੀ ਵਿਚਾਰ ਹੋ ਰਿਹਾ ਹੈ | ਇਕ ਰਿਪੋਰਟ ਦੇ ਅਨੁਸਾਰ ਇਸ ਹਸਪਤਾਲ ਦੀ ਓ.ਪੀ.ਡੀ. ਦੇ ਵਿਚ 9 ਅਪੈ੍ਰਲ 2026 ਨੂੰ 15 ਹਜ਼ਾਰ ਤੋਂ ਜ਼ਿਆਦਾ ਮਰੀਜ਼ ਆਏ ਅਤੇ 10 ਅਪੈ੍ਰਲ 2026 ਨੂੰ 17 ਹਜ਼ਾਰ ਤੋਂ ਵੱਧ ਲੋਕ ਓ.ਪੀ.ਡੀ. ਦੇ ਵਿਚ ਇਲਾਜ ਲਈ ਆਏ | ਇਹ ਸੰਖਿਆ ਅਕਸਰ ਵਧਦੀ ਘਟਦੀ ਰਹਿੰਦੀ ਹੈ | ਵੱਡੀ ਸੰਖਿਆ ਦੇ ਵਿਚ ਮਰੀਜ਼ਾਂ ਨੂੰ ਵੇਖਣਾ ਡਾਕਟਰਾਂ ਦੇ ਲਈ ਵੀ ਔਖਾ ਹੈ ਪਰ ਫਿਰ ਵੀ ਕੰਮ ਚਲਾਇਆ ਜਾ ਰਿਹਾ ਹੈ | ਇਸੇ ਹੀ ਤਰ੍ਹਾਂ ਸਫ਼ਦਰਜੰਗ, ਆਰ. ਐਮ. ਐਲ. ਲੇਡੀ ਗਰਡਿੰਗ, ਡੀ. ਡੀ. ਯੂ. ਆਦਿ ਹਸਪਤਾਲਾਂ ਦੀ ਓ. ਪੀ. ਡੀ. ਦੇ ਵਿਚ ਵੀ ਕਾਫ਼ੀ ਭੀੜ ਲੱਗੀ ਰਹਿੰਦੀ ਹੈ |