ਨਵੀਂ ਦਿੱਲੀ, 24 ਅਪੈ੍ਰਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ, ਅਪਰਾਧ ਸ਼ਾਖਾ ਅਤੇ ਏ.ਐਨ.ਟੀ. ਐਫ਼ ਦੇ ਦੁਆਰਾ ਦਿੱਲੀ ਦੇ ਸਕੂਲਾਂ ਵਿਚ ਨਸ਼ਾ ਵਿਰੋਧੀ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ ਤਾਂ ਕਿ ਸਕੂਲਾਂ ਦੇ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ | ਇਸ ਕਰਕੇ ਪੁਲਿਸ ਦੇ ਵਲੋਂ ਸਕੂਲਾਂ ਦੇ ਵਿਚ ਜਾ ਕੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ, ਜਿਨ੍ਹਾਂ ਵਿਚ ਨਸ਼ੇ ਦੀ ਵਰਤੋਂ ਕਰਨ ਦੇ ਨਤੀਜਿਆਂ ਦੇ ਬਾਰੇ ਪੁਲਿਸ ਦੇ ਅਧਿਕਾਰੀ ਜਾਣਕਾਰੀ ਦੇ ਰਹੇ ਹਨ | ਪੁਲਿਸ ਦੇ ਵਲੋਂ 'ਨਸ਼ਾ ਮੁਕਤ ਭਾਰਤ' ਬੈਨਰ ਦੇ ਹੇਠ ਦਿੱਲੀ ਦੇ ਸਰਵੋਦਿਆ ਕੰਨਿ੍ਹਆ ਵਿਦਿਆਲਿਆਂ ਮੋਤੀ ਬਾਗ ਨੰਬਰ-1 ਅਤੇ ਸੀ.ਐਮ. ਸ੍ਰੀ ਸਕੂਲ ਦੁਆਰਕਾ ਦਿੱਲੀ ਦੇ ਵਿਚ ਨਸ਼ੇ ਵਿਰੁੱਧ ਕੈਂਪ ਲਗਾਏ ਗਏ ਜਿਸ 'ਚ ਤਕਰੀਬਨ 390 ਬੱਚਿਆਂ ਅਤੇ 24 ਅਧਿਆਪਕਾਂ ਨੇ ਹਿੱਸਾ ਲਿਆ | ਬੱਚਿਆਂ ਨੂੰ ਪੁਲਿਸ ਅਧਿਕਾਰੀਆਂ ਨੇ ਨਸ਼ਿਆਂ ਦੀ ਵਰਤੋਂ ਦੇ ਨਾਲ ਹੋਣ ਵਾਲੇ ਨੁਕਸਾਨ ਅਤੇ ਉਨ੍ਹਾਂ ਦੇ ਨਤੀਜਿਆਂ ਦੇ ਬਾਰੇ ਦੱਸਿਆ | ਬੱਚਿਆਂ ਨੂੰ ਦੱਸਿਆ ਗਿਆ ਕਿ ਉਹ ਆਪਣਾ ਜੀਵਨ ਨਸ਼ਿਆਂ ਦੇ ਵਿਚ ਫਸ ਕੇ ਬਰਬਾਦ ਨਾ ਕਰਨ ਅਤੇ ਕੇਵਲ ਆਪਣੀ ਪੜ੍ਹਾਈ ਦੇ ਵੱਲ ਹੀ ਧਿਆਨ ਦੇਣ | ਦੋਵਾਂ ਸਕੂਲਾਂ ਦੇ ਪ੍ਰਬੰਧਕਾਂ ਅਤੇ ਮੁਖੀਆਂ ਨੇ ਪੁਲਿਸ ਦੇ ਵਲੋਂ ਚਲਾਈ ਗਈ ਇਸ ਮੁਹਿੰਮ ਦੀ ਭਰਭੂਰ ਸ਼ਲਾਘਾ ਕੀਤੀ |