ਨਵੀਂ ਦਿੱਲੀ, 24 ਅਪੈ੍ਰਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਪਿਛਲੇ ਦਿਨਾਂ ਤੋਂ ਅਪਰਾਧਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਰੋਜ਼ਾਨਾ ਅਜਿਹੀਆਂ ਘਟਨਾਵਾਂ ਹੋਣਾ ਬੜੇ ਦੁੱਖ ਦੀ ਗੱਲ ਹੈ | ਦਿੱਲੀ ਦੇ ਭੀੜ ਭੜੱਕੇ ਵਾਲੇ ਇਲਾਕੇ ਕਰੋਲ ਬਾਗ਼ ਵਿਚ ਬਦਮਾਸ਼ਾਂ ਨੇ ਸਵੇਰੇ-ਸਵੇਰੇ ਹੀ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ | ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਰੋਹਿਤ ਨੂੰ ਤੁਰੰਤ ਲੇਡੀ ਹਾਰਡਿੰਗ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ | ਜਿਸ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ ਅਤੇ ਉਹ ਇਸ ਸਮੇਂ ਬਿਆਨ ਦੇਣ ਤੋਂ ਵੀ ਅਸਮਰਥ ਹੈ | ਇਹ ਨੌਜਵਾਨ ਅਨੰਦ ਪਰਬਤ ਇਲਾਕੇ ਦਾ ਰਹਿਣ ਵਾਲਾ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਦੀ ਅਪਰਾਧ ਸ਼ਾਖਾ ਅਤੇ ਫੋਰੇਂਸਿਕ ਟੀਮ ਸਬੂਤ ਇਕੱਠੇ ਕਰ ਰਹੀ ਹੈ | ਪੁਲਿਸ ਨੇ ਇਸ ਮੌਕੇ 'ਤੇ ਚੱਲੀਆਂ ਗੋਲੀਆਂ ਦੇ ਤਿੰਨ ਖੋਲ ਵੀ ਬਰਾਮਦ ਕੀਤੇ ਹਨ | ਇਸ ਦੇ ਨਾਲ ਹੀ ਪੁਲਿਸ ਆਸ-ਪਾਸ ਦੇ ਇਲਾਕੇ ਦੇ ਲੋਕਾਂ ਤੋਂ ਇਸ ਮਾਮਲੇ ਪ੍ਰਤੀ ਪੁੱਛ ਪੜਤਾਲ ਕਰ ਰਹੀ ਹੈ ਅਤੇ ਨਾਲ ਹੀ ਇੱਥੋਂ ਦੇ ਸੀ. ਸੀ. ਟੀ.ਵੀ. ਦੀ ਫੁਟੇਜ ਦਾ ਵੀ ਵਿਸ਼ਲੇਸ਼ਣ ਕਰ ਰਹੀ ਹੈ |