ਯਮੁਨਾਨਗਰ, 2 ਮਈ (ਗੁਰਦਿਆਲ ਸਿੰਘ ਨਿਮਰ)-ਮਹਿਲਾ ਪੁਲਿਸ ਸਟੇਸ਼ਨ ਦੀ ਟੀਮ ਵਲੋਂ 15 ਸਾਲ ਦੀ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮਾਮਲੇ ਸੰਬੰਧੀ ਸਟੇਸ਼ਨ ਮੈਨੇਜਰ ਸ਼ੀਲਵੰਤੀ ਨੇ ਦੱਸਿਆ ਕਿ ਸਦੋਰਾ ਪੁਲਿਸ ਸਟੇਸ਼ਨ ਖੇਤਰ ਵਿਚ ਰਹਿਣ ਵਾਲੀ ਇਕ ਕਿਸ਼ੋਰ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਗੁਆਂਢੀ ਮੁਕੇਸ਼ ਸਕੂਲ ਜਾਂਦੇ ਸਮੇਂ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਉਸ ਦਾ ਪਿੱਛਾ ਕਰ ਰਿਹਾ ਸੀ ਅਤੇ ਉਸ ਦਾ ਹੱਥ ਫੜ ਕੇ ਉਸਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਮਾਰ ਦੇਵੇਗਾ | ਸ਼ਿਕਾਇਤਕਰਤਾ ਨੇ ਦੱਸਿਆ ਕਿ 29 ਅਪ੍ਰੈਲ ਨੂੰ ਜਦੋਂ ਉਹ ਘਰ ਵਿਚ ਇਕੱਲੀ ਸੀ ਤਾਂ ਉਸ ਦਾ ਗੁਆਂਢੀ ਮੁਕੇਸ਼ ਉਸਦੇ ਘਰ ਵਿਚ ਦਾਖ਼ਲ ਹੋਇਆ ਅਤੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤਾ | ਇਸ ਦੌਰਾਨ ਜਦੋਂ ਉਸਨੇ ਵਿਰੋਧ ਕੀਤਾ ਤਾਂ ਉਹ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਹੋਇਆ ਉਥੋਂ ਚਲਾ ਗਿਆ | ਸਟੇਸ਼ਨ ਮੈਨੇਜਰ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਸਟੇਸ਼ਨ ਵਿਚ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਲਈ ਮਹਿਲਾ ਸਬ-ਇੰਸਪੈਕਟਰ ਕਮਲਾ ਰਾਣੀ ਦੀ ਅਗਵਾਈ 'ਚ ਇਕ ਟੀਮ ਬਣਾਈ ਗਈ ਸੀ, ਜਿਸਨੇ ਕਾਰਵਾਈ ਕਰਦਿਆਂ ਮੁਲਜ਼ਮ ਮੁਕੇਸ਼ ਪੁੱਤਰ ਪ੍ਰੀਤਮ ਨੂੰ ਗਿ੍ਫ਼ਤਾਰ ਕਰ ਲਿਆ | ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ |