ਨਵੀਂ ਦਿੱਲੀ, 2 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਸੰਜੇ ਝੀਲ ਵਿਚੋਂ ਪਾਣੀ ਸੁੱਕਣ ਕਾਰਨ ਇੱਥੋਂ ਦੀ ਰੌਣਕ ਬਿਲਕੁਲ ਖ਼ਤਮ ਹੋ ਗਈ ਹੈ | ਇਸ ਝੀਲ 'ਤੇ ਕਈ ਤਰ੍ਹਾਂ ਦੇ ਜੋ ਪੰਛੀ ਆਉਂਦੇ ਸਨ, ਉਹ ਵੀ ਇਨ੍ਹਾਂ ਦਿਨਾਂ ਵਿਚ ਨਹੀਂ ਆਉਂਦੇ | ਇਸ ਝੀਲ ਵਿਚ ਜੋ ਕਿਸ਼ਤੀਆਂ ਚਲਦੀਆਂ ਸਨ, ਉਹ ਵੀ ਖੜ੍ਹੀਆਂ ਨਜ਼ਰ ਆ ਰਹੀਆਂ ਹਨ | ਇਨ੍ਹਾਂ ਕਿਸ਼ਤੀਆਂ 'ਤੇ ਸੈਲਾਨੀ ਸੈਰ-ਸਪਾਟਾ ਕਰਨ ਆਉਂਦੇ ਸਨ | ਹੁਣ ਇਹੀ ਥਾਂ ਨਸ਼ੇਬਾਜ਼ਾਂ ਦਾ ਅੱਡਾ ਬਣ ਚੁੱਕੀ ਹੈ ਅਤੇ ਨਸ਼ੇੜੀ ਵਿਸ਼ੇਸ਼ ਕਰਕੇ ਸ਼ਾਮ ਦੇ ਸਮੇਂ ਵਿਖਾਈ ਦਿੰਦੇ ਹਨ | ਦਿਨ ਦੇ ਸਮੇਂ ਇੱਥੇ ਸੁੰਨਸਾਨ ਹੀ ਨਜ਼ਰ ਆਉਂਦੀ ਹੈ | ਇਸ ਝੀਲ ਦੇ ਆਸ-ਪਾਸ ਰਹਿਣ ਵਾਲੇ ਲੋਕ ਇੱਥੇ ਸਵੇਰੇ-ਸ਼ਾਮ ਸੈਰ ਕਰਨ ਆਉਂਦੇ ਸਨ, ਹੁਣ ਉਹ ਵੀ ਘੱਟ ਹੀ ਆ ਰਹੇ ਹਨ | ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਝੀਲ ਵਿਚ ਪਾਣੀ ਮੌਜੂਦ ਹੁੰਦਾ ਸੀ ਤਾਂ ਠੰਢਕ ਰਹਿੰਦੀ ਸੀ ਅਤੇ ਇਸ ਵਿਚ ਜਦੋਂ ਕਿਸ਼ਤੀਆਂ ਚਲਦੀਆਂ ਸਨ ਤਾਂ ਨਜ਼ਾਰਾ ਬੜਾ ਹੀ ਮਨਮੋਹਕ ਹੁੰਦਾ ਸੀ | ਆਸ-ਪਾਸ ਦੇ ਪੇੜ ਪੌਦੇ ਵੀ ਸੁੱਕਦੇ ਜਾ ਰਹੇ ਹਨ | ਇਸ ਝੀਲ 'ਤੇ ਛੁੱਟੀ ਵਾਲੇ ਦਿਨ ਅਕਸਰ ਭੀੜ-ਭੜੱਕਾ ਰਹਿੰਦਾ ਸੀ | ਇਸ ਦਾ ਪਾਣੀ ਸੁੱਕ ਜਾਣ 'ਤੇ ਸਭ ਕੁੱਝ ਖ਼ਤਮ ਹੋ ਗਿਆ | ਝੀਲ ਦੇ ਮੈਨੇਜਰ ਦਾ ਕਹਿਣਾ ਕਿ ਪਾਣੀ ਦੀ ਸਮੱਸਿਆ ਪ੍ਰਤੀ ਉਨ੍ਹਾਂ ਨੇ ਜਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਝੀਲ ਵਿਚ ਪਾਣੀ ਜਲਦ ਛੱਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ |