24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਟੋਹਾਣਾ 'ਚ ਫਾਇਰ ਕਰਮਚਾਰੀਆਂ ਦੇ ਸਮਰਥਨ 'ਚ ਮੁੱਖ ਸਕੱਤਰ ਕਿ੍ਸ਼ਨ ਨੈਨ ਭੁੱਖ ਹੜਤਾਲ 'ਤੇ ਬੈਠੇ

Ad Position 21
No active advertisement
ਅਜੀਤ ਡੈਸਕ 04-05-2026
ਟੋਹਾਣਾ, 3 ਮਈ (ਮਨਜੀਤ ਸਿੰਘ) - ਸਰਵ ਕਰਮਚਾਰੀ ਸੰਘ ਹਰਿਆਣਾ ਦੇ ਮੁੱਖ ਸਕੱਤਰ ਕਿ੍ਸ਼ਨ ਨੈਨ ਨੇ ਟੋਹਾਣਾ ਵਿੱਚ ਫਾਇਰ ਵਿਭਾਗ ਦੇ ਹੜਤਾਲੀ ਕਰਮਚਾਰੀਆਂ ਦੇ ਸਮਰਥਨ 'ਚ ਅੱਜ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੇ ਨਾਲ ਅਧਿਆਪਕ ਸੰਘ ਦੇ ਵਿਨੋਦ ਸਿੱਲਾ, ਜੋਰਾ ਸਿੰਘ ਅਤੇ ਸਿੰਚਾਈ ਵਿਭਾਗ ਦੇ ਵਕੀਲ ਸਿੰਘ, ਮਿਲਖਾ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਕਰਨੈਲ ਸਿੰਘ, ਨੇਕ ਸਿੰਘ ਅਤੇ ਬਿੱਟੂ ਸਿੰਘ ਵੀ ਭੁੱਖ ਹੜਤਾਲ 'ਤੇ ਬੈਠੇ | ਜ਼ਿਕਰਯੋਗ ਹੈ ਕਿ ਫਾਇਰ ਵਿਭਾਗ ਦੀ ਹੜਤਾਲ 8 ਅਪ੍ਰੈਲ ਤੋਂ ਜਾਰੀ ਹੈ, ਜੋ ਅੱਜ 26ਵੇਂ ਦਿਨ ਵਿੱਚ ਦਾਖਲ ਹੋ ਗਈ ਹੈ, ਜਦਕਿ ਨਗਰਪਾਲਿਕਾ ਕਰਮਚਾਰੀਆਂ ਦੀ ਹੜਤਾਲ ਵੀ 1 ਮਈ ਤੋਂ ਲਗਾਤਾਰ ਜਾਰੀ ਹੈ | ਅੱਜ ਦੇ ਪ੍ਰੋਗਰਾਮ ਦੀ ਸਾਂਝੀ ਅਧਿਅਕਸ਼ਤਾ ਫਾਇਰ ਵਿਭਾਗ ਦੇ ਕੁਲਦੀਪ ਅਤੇ ਨਗਰਪਾਲਿਕਾ ਦੇ ਅਮਨਦੀਪ ਨੇ ਕੀਤੀ, ਜਦਕਿ ਸੰਚਾਲਨ ਸੁਰੇਸ਼ ਅਤੇ ਬਿੱਟੂ ਕੁਮਾਰ ਵੱਲੋਂ ਕੀਤਾ ਗਿਆ | ਟੋਹਾਣਾ ਵਿੱਚ ਦੋਹਾਂ ਇਕਾਈਆਂ ਦੇ ਲਗਭਗ ਸਾਰੇ ਕਰਮਚਾਰੀ ਹੜਤਾਲ 'ਤੇ ਰਹੇ ਅਤੇ ਵੱਖ-ਵੱਖ ਸੰਘਠਨਾਂ ਨੇ ਵੀ ਪੂਰਾ ਸਮਰਥਨ ਦਿੱਤਾ | ਇਸ ਮੌਕੇ ਸੰਬੋਧਨ ਕਰਦੇ ਹੋਏ ਕਿ੍ਸ਼ਨ ਨੈਨ ਨੇ ਕਿਹਾ ਕਿ ਫ਼ਰੀਦਾਬਾਦ ਵਿੱਚ 16 ਫਰਵਰੀ ਨੂੰ ਅੱਗ ਬੁਝਾਉਂਦੇ ਸਮੇਂ ਦੋ ਕੱਚੇ ਫਾਇਰ ਕਰਮਚਾਰੀਆਂ ਦੀ ਮੌਤ ਹੋ ਗਈ ਸੀ, ਪਰ ਸਰਕਾਰ ਵੱਲੋਂ ਨਾ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਅਤੇ ਨਾ ਹੀ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਮਿਲਿਆ | ਉਨ੍ਹਾਂ ਨੇ ਇਸ ਨੂੰ ਸਰਕਾਰ ਦੀ ਸ਼ੋਸ਼ਣਕਾਰੀ ਨੀਤੀ ਦੱਸਦਿਆਂ ਕਿਹਾ ਕਿ ਇਹ ਅਨਿਆਂ ਸਿਰਫ਼ ਫਾਇਰ ਵਿਭਾਗ ਹੀ ਨਹੀਂ, ਸਾਰੇ ਅਸਥਾਈ ਕਰਮਚਾਰੀਆਂ ਨਾਲ ਹੋ ਰਿਹਾ ਹੈ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਰਮਚਾਰੀਆਂ ਤੋਂ 10-12 ਘੰਟੇ ਕੰਮ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ ਅਤੇ ਵਿਰੋਧ ਕਰਨ 'ਤੇ ਉਨ੍ਹਾਂ 'ਤੇ ਦਬਾਅ ਬਣਾਇਆ ਜਾਂਦਾ ਹੈ | ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਵਿੱਚ ਲਗਭਗ 12 ਲੱਖ ਕਰਮਚਾਰੀਆਂ ਦੀ ਲੋੜ ਹੈ, ਜਦਕਿ ਮੌਜੂਦਾ ਸਮੇਂ ਸਿਰਫ਼ 4.5 ਲੱਖ ਕਰਮਚਾਰੀ ਹੀ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਅੱਧੇ ਅਸਥਾਈ ਹਨ | ਕਿ੍ਸ਼ਨ ਨੈਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਦਾਲਤ ਵੱਲੋਂ ਯੋਗ ਕਰਮਚਾਰੀਆਂ ਨੂੰ ਨਿਯਮਿਤ ਕਰਨ ਅਤੇ ਬਕਾਇਆ ਤਨਖ਼ਾਹ 6 ਫ਼ੀਸਦੀ ਵਿਆਜ ਨਾਲ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ, ਪਰ ਸਰਕਾਰ ਇਨ੍ਹਾਂ ਨੂੰ ਲਾਗੂ ਨਹੀਂ ਕਰ ਰਹੀ | ਉਨ੍ਹਾਂ ਨੇ ਮੰਗ ਕੀਤੀ ਕਿ ਸਾਰੇ ਵਿਭਾਗਾਂ ਵਿੱਚ ਕੰਮ ਕਰ ਰਹੇ ਕੱਚੇ ਕਰਮਚਾਰੀਆਂ ਜਿਵੇਂ ਕਿ ਠੇਕਾ, ਐਚ.ਕੇ.ਆਰ.ਐਨ .ਐਲ, ਅਤਿਥੀ ਅਧਿਆਪਕ, ਆਂਗਣਵਾੜੀ, ਆਸ਼ਾ ਵਰਕਰ, ਮਿਡ-ਡੇ ਮੀਲ ਅਤੇ ਫਾਇਰ ਕਰਮਚਾਰੀਆਂ ਨੂੰ ਜਲਦ ਤੋਂ ਜਲਦ ਨਿਯਮਿਤ ਕੀਤਾ ਜਾਵੇ | ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦੀ ਫ਼ੈਸਲਾ ਨਾ ਕੀਤਾ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਸਬੰਧੀ 17 ਮਈ 2026 ਨੂੰ ਰੋਹਤਕ ਵਿੱਚ ਸਾਰੇ ਅਸਥਾਈ ਕਰਮਚਾਰੀਆਂ ਦੀ ਸਾਂਝੀ ਕਨਵੈੱਨਸ਼ਨ ਬੁਲਾਈ ਜਾਵੇਗੀ, ਜਿਸ ਵਿੱਚ ਅਗਲੇ ਸੰਘਰਸ਼ ਦੀ ਰਣਨੀਤੀ ਤੈਅ ਕੀਤੀ ਜਾਵੇਗੀ | ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਸਿਰਫ਼ ਕਰਮਚਾਰੀਆਂ ਦੀ ਨਹੀਂ, ਸਗੋਂ ਪੂਰੇ ਸਮਾਜ ਦੇ ਹੱਕਾਂ ਨਾਲ ਜੁੜੀ ਹੋਈ ਹੈ ਅਤੇ ਸਭ ਨੂੰ ਇਕੱਠੇ ਹੋ ਕੇ ਇਸ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ 'ਆਪ' ਟਰੇਡ ਵਿੰਗ ਵੱਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸਮੈਣ ਪਿੰਡ 'ਚ ਪੀਣ ਵਾਲੇ ਪਾਣੀ ਦੀ ਕਮੀ ਨਾਲ ਹਾਹਾਕਾਰ, ਲੋਕ ਹੋਏ ਪ੍ਰੇਸ਼ਾਨ
Ad Position 24