ਟੋਹਾਣਾ, 3 ਮਈ (ਮਨਜੀਤ ਸਿੰਘ) - ਗਰਮੀ ਦੇ ਮੌਸਮ ਦੀ ਸ਼ੁਰੂਆਤ ਨਾਲ ਹੀ ਪਿੰਡ ਸਮੈਣ ਵਿਚ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਦੇ ਮਸਲੇ ਨੇ ਗੰਭੀਰ ਰੂਪ ਧਾਰ ਲਿਆ ਹੈ | ਪਿੰਡ ਵਿਚ ਪਿਛਲੇ ਕਰੀਬ 10 ਦਿਨਾਂ ਤੋਂ ਕਈ ਘਰਾਂ ਵਿਚ ਪਾਣੀ ਦੀ ਸਪਲਾਈ ਨਹੀਂ ਹੋਈ, ਜਿਸ ਕਾਰਨ ਲੋਕਾਂ ਵਿਚ ਹਾਹਾਕਾਰ ਮਚ ਗਈ ਹੈ | ਪਿੰਡ ਵਾਸੀ ਮਜਬੂਰੀ ਵਿਚ ਡਰੰਮਾਂ ਅਤੇ ਬਰਤਨਾਂ ਵਿਚ ਦੂਰ-ਦੂਰ ਤੋਂ ਪਾਣੀ ਭਰ ਕੇ ਲਿਆ ਰਹੇ ਹਨ | ਖ਼ਾਸ ਕਰ ਕੇ ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਇਸ ਸਮੱਸਿਆ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਨ੍ਹਾਂ ਘਰਾਂ ਵਿਚ ਪਾਣੀ ਨਹੀਂ ਪਹੁੰਚ ਰਿਹਾ, ਉਨ੍ਹਾਂ ਦੇ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਜਲ ਸਪਲਾਈ ਵਿਭਾਗ ਨੂੰ ਸ਼ਿਕਾਇਤ ਕੀਤੀ ਹੈ, ਪਰ ਹਾਲੇ ਤੱਕ ਕੋਈ ਪੱਕਾ ਹੱਲ ਨਹੀਂ ਨਿਕਲਿਆ | ਪਰੇਸ਼ਾਨ ਲੋਕਾਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ |