21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਠੇਕੇਦਾਰ ਰਾਹੀਂ ਕੂੜਾ ਚੁਕਵਾਉਣ ਦੀ ਕੋਸ਼ਿਸ਼ ਫੇਲ੍ਹ • ਸਫਾਈ ਮੁਲਾਜਮਾਂ ਵਲੋਂ ਪ੍ਰਦਰਸ਼ਨ • ਤੀਜੇ ਦਿਨ ਵਿਗੜੀ ਸਫਾਈ ਵਿਵਸਥਾ <br/>

Ad Position 21
No active advertisement
ਅਜੀਤ ਡੈਸਕ 08-05-2026

ਡੱਬਵਾਲੀ, 7 ਮਈ (ਇਕਬਾਲ ਸਿੰਘ ਸ਼ਾਂਤ)- ਨਗਰ ਪਰਿਸ਼ਦ ਡੱਬਵਾਲੀ ਦੇ ਸਫਾਈ ਮੁਲਾਜਮਾਂ ਦੀ ਸੂਬਾ ਪੱਧਰੀ ਹੜਤਾਲ ਤੀਜੇ ਦਿਨ ਵੀ ਮਘੀ ਰਹੀ | ਇਸ ਦੌਰਾਨ ਸਫਾਈ ਠੇਕੇਦਾਰ ਵੱਲੋਂ ਹੋਰ ਮਜ਼ਦੂਰਾਂ ਦੇ ਸਹਾਰੇ ਸ਼ਹਿਰ ਵਿੱਚੋਂ ਕੂੜਾ ਚੁਕਵਾਉਣ ਦੀ ਕੋਸ਼ਿਸ਼ 'ਤੇ ਧਰਨੇ 'ਤੇ ਬੈਠੇ ਮੁਲਾਜਮਾਂ ਨੇ ਮੌਕੇ 'ਤੇ ਪੁੱਜ ਕੇ ਤਿੱਖਾ ਵਿਰੋਧ ਪ੍ਰਗਟ ਕੀਤਾ, ਜਿਸ ਕਰਕੇ ਰਾਮਲੀਲਾ ਮੈਦਾਨ ਨੇੜੇ ਟਕਰਾਅ ਵਾਲੀ ਸਥਿਤੀ ਬਣ ਗਈ | ਵਿਰੋਧ ਵਧਣ 'ਤੇ ਠੇਕੇਦਾਰ ਨੂੰ ਬਿਨਾਂ ਕੂੜਾ ਚੁਕਵਾਏ ਵਾਪਸ ਪਰਤਣਾ ਪਿਆ | ਇਸਤੋਂ ਬਾਅਦ ਮੁਲਾਜਮ ਪ੍ਰਧਾਨ ਬਲਵੰਤ ਚਰਭੂਟਾ, ਸੂਬਾਈ ਆਡੀਟਰ ਸੁਖਦੇਵ, ਸੂਰਜ ਪ੍ਰਧਾਨ, ਚਾਂਦੀਰਾਮ, ਸੁਨੀਲ ਜੋਨੀ, ਰਾਜਕੁਮਾਰ ਪਾਰਛਾ ਅਤੇ ਸੋਹਨਲਾਲ ਭਾਰੂ ਦੀ ਅਗਵਾਈ ਹੇਠ ਸ਼ਹਿਰ ਵਿੱਚ ਰੋਸ ਮੁਜਾਹਰਾ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਹੜਤਾਲ ਕਾਰਨ ਸ਼ਹਿਰ ਦੇ 21 ਵਾਰਡਾਂ ਵਿੱਚ ਸਫਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ | ਘਰ-ਘਰ ਕੂੜਾ ਇਕੱਠਾ ਕਰਨ ਦੀ ਸੇਵਾ ਬੰਦ ਹੋਣ ਨਾਲ ਥਾਂ-ਥਾਂ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ | ਆਮ ਲੋਕਾਂ ਵਿੱਚ ਨਾਰਾਜ਼ਗੀ ਵੱਧ ਰਹੀ ਹੈ ਅਤੇ ਕਈ ਖੇਤਰਾਂ ਵਿੱਚ ਲੋਕਾਂ ਨੇ ਪਰਿਸ਼ਦ ਪ੍ਰਸ਼ਾਸਨ ਅਤੇ ਕੌਂਸਲਰਾਂ ਨੂੰ ਘਰਾਂ ਦਾ ਕੂੜਾ ਸੜਕਾਂ 'ਤੇ ਸੁੱਟਣ ਦੀ ਚਿਤਾਵਨੀ ਦਿੱਤੀ ਹੈ | ਡੱਬਵਾਲੀ ਵਿੱਚ ਸਾਰੇ 122 ਸਫਾਈ ਮੁਲਾਜਮ ਹੜਤਾਲ 'ਤੇ ਹਨ | ਧਰਨੇ ਨੂੰ ਸੰਬੋਧਨ ਕਰਦਿਆਂ ਕਰਮਚਾਰੀ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ 'ਤੇ ਕੋਈ ਠੋਸ ਫੈਸਲਾ ਨਹੀਂ ਲਿਆ | ਉਨ੍ਹਾਂ ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ, ਠੇਕਾ ਪ੍ਰਥਾ ਖਤਮ ਕਰਨ, ਜੋਖਿਮ ਭੱਤਾ ਦੇਣ ਅਤੇ 100-100 ਗਜ਼ ਦੇ ਪਲਾਟ ਦੇਣ ਸਮੇਤ 18 ਮੰਗਾਂ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ | ਕਰਮਚਾਰੀਆਂ ਨੇ 7 ਮਈ ਤੋਂ ਬਾਅਦ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ |
ਮੁੱਖ ਮੰਤਰੀ ਸਫਾਈ ਅਮਲੇ ਨਾਲ ਕੀਤਾ ਵਾਅਦਾ ਪੂਰਾ ਕਰਨ- ਡਾ. ਕੇਵੀ ਸਿੰਘ
ਸੀਨੀਅਰ ਕਾਂਗਰਸੀ ਆਗੂ ਡਾ. ਕੇਵੀ ਸਿੰਘ ਅੱਜ ਸਫਾਈ ਮੁਲਾਜਮਾਂ ਦੇ ਧਰਨੇ ਨੂੰ ਸਮਰਥਨ ਦੇਣ ਪੁੱਜੇ | ਉਨ੍ਹਾਂ ਕਿਹਾ ਕਿ ਇਹ ਸਿਰਫ ਸਫਾਈ ਕਰਮਚਾਰੀ ਨਹੀਂ, ਸਗੋਂ ਸਫਾਈ ਸੈਨਿਕ ਹਨ, ਜੋ ਆਪਣੀ ਜਾਨ ਜੋਖਮ ਵਿੱਚ ਪਾ ਕੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਦੇ ਹਨ ਅਤੇ ਬਿਮਾਰੀਆਂ ਤੋਂ ਬਚਾਉਂਦੇ ਹਨ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਫਾਈ ਕਰਮਚਾਰੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਫੇਲ੍ਹ ਰਹੀ ਹੈ | ਉਨ੍ਹਾਂ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਮੁੱਖ ਮੰਤਰੀ ਨੇ ਜੀਂਦ ਵਿੱਚ ਕੱਚੇ ਸ਼ਹਿਰੀ ਸਫਾਈ ਮੁਲਾਜਮਾ ਨੂੰ 27 ਹਜ਼ਾਰ ਅਤੇ ਪੇਂਡੂ ਮੁਲਾਜਮਾ ਨੂੰ 21 ਹਜ਼ਾਰ ਰੁਪਏ ਤਨਖਾਹ ਦੇਣ ਦੀ ਘੋਸ਼ਣਾ ਕੀਤੀ ਸੀ, ਪਰ ਅਜੇ ਤੱਕ ਇਸਨੂੰ ਲਾਗੂ ਨਹੀਂ ਕੀਤਾ ਗਿਆ | ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਪਵਨ ਗਰਗ, ਸਾਬਕਾ ਕੌਂਸਲਰ ਵਿਨੋਦ ਬੰਸਲ, ਰਾਕੇਸ਼ ਬੱਬਰ, ਰਵਿੰਦਰ ਬਿੰਦੂ, ਅਮਨ ਭਾਰਦਵਾਜ, ਰੁਪਿੰਦਰ ਸਰਾਂ, ਮਨਵੀਰ ਮਾਨ, ਰਵਿੰਦਰ ਬਬਲੂ, ਗੁਰਦੀਪ ਕਾਮਰਾ, ਜੋਤੀ ਧਮੀਜਾ ਅਤੇ ਸੁਮਿਤ ਅਨੇਜਾ ਸਮੇਤ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਆਸਾਨੀ ਨਾਲ ਪੈਸਾ ਕਮਾਉਣ ਲਈ ਚੋਰੀ ਦਾ ਧੰਦਾ ਅਪਣਾਉਣ ਵਾਲਾ ਰਜ਼ਤ, ਪੁਲਿਸ ਨੇ ਕੀਤਾ ਕਾਬੂ ਅਗਲੀ ਖ਼ਬਰ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ 7ਵੇਂ ਦਿਨ 'ਚ ਦਾਖਲ
Ad Position 24