ਟੋਹਾਣਾ, 13 ਮਈ (ਮਨਜੀਤ ਸਿੰਘ) - ਪਿਛਲੇ 13 ਦਿਨਾਂ ਤੋਂ ਅਣਮਿਥੇ ਸਮੇਂ ਲਈ ਹੜਤਾਲ 'ਤੇ ਬੈਠੇ ਸਫ਼ਾਈ ਅਤੇ ਫਾਇਰ ਬਿ੍ਗੇਡ ਕਰਮਚਾਰੀਆਂ ਵੱਲੋਂ ਅੱਜ ਸਾਂਝੇ ਤੌਰ 'ਤੇ ਟੋਹਾਣਾ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਪੁਤਲਾ ਫੂਕਣ ਮੌਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ | ਸਫ਼ਾਈ ਕਰਮਚਾਰੀ ਸੰਘ ਅਤੇ ਫਾਇਰ ਬਿ੍ਗੇਡ ਕਰਮਚਾਰੀਆਂ ਵੱਲੋਂ ਰੋਸ ਮਾਰਚ ਦੀ ਸ਼ੁਰੂਆਤ ਟੋਹਾਣਾ ਦੇ ਨਗਰ ਪਰਿਸ਼ਦ ਦਫ਼ਤਰ ਤੋਂ ਹੋਈ, ਜਿੱਥੋਂ ਸਫ਼ਾਈ ਕਰਮਚਾਰੀ ਹੱਥਾਂ ਵਿੱਚ ਝਾੜੂ ਅਤੇ ਫਾਇਰ ਬਿ੍ਗੇਡ ਕਰਮਚਾਰੀ ਵੱਖ-ਵੱਖ ਮੰਗਾਂ ਸਬੰਧੀ ਬੈਨਰ ਲੈ ਕੇ ਨਿਕਲੇ | ਪ੍ਰਦਰਸ਼ਨਕਾਰੀਆਂ ਨੇ 'ਨਾਇਬ ਸੈਣੀ ਮੁਰਦਾਬਾਦ' ਅਤੇ 'ਹਰਿਆਣਾ ਸਰਕਾਰ ਮੁਰਦਾਬਾਦ' ਦੇ ਨਾਅਰੇ ਲਗਾਉਂਦੇ ਹੋਏ ਘੰਟਾ ਘਰ ਚੌਂਕ, ਅਗਰਸੈਨ ਚੌਂਕ, ਲੱਕੜ ਮਾਰਕੀਟ, ਰੇਲਵੇ ਰੋਡ, ਚੰਡੀਗੜ੍ਹ ਰੋਡ, ਕੈਂਚੀ ਚੌਂਕ, ਰਤੀਆ ਰੋਡ ਅਤੇ ਪੁਰਾਣਾ ਬੱਸ ਸਟੈਂਡ ਤੋਂ ਹੁੰਦੇ ਹੋਏ ਬਾਲਮੀਕ ਚੌਂਕ ਪਹੁੰਚੇ | ਸਫ਼ਾਈ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ, ਤਨਖ਼ਾਹਾਂ ਵਿੱਚ ਵਾਧਾ, ਸਮੇਂ ਸਿਰ ਵੇਤਨ ਜਾਰੀ ਕਰਨਾ, ਠੇਕਾ ਪ੍ਰਥਾ ਨੂੰ ਖ਼ਤਮ ਕਰਨਾ, ਸੁਰੱਖਿਆ ਉਪਕਰਨ ਮੁਹੱਈਆ ਕਰਵਾਉਣਾ ਅਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਦੀ ਮੰਗ ਸ਼ਾਮਲ ਹੈ | ਇਸੇ ਤਰ੍ਹਾਂ ਹਰਿਆਣਾ ਵਿੱਚ ਫਾਇਰ ਬਿ੍ਗੇਡ ਕਰਮਚਾਰੀਆਂ ਵੱਲੋਂ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ | ਕਰਮਚਾਰੀਆਂ ਦੀਆਂ ਮੁੱਖ ਮੰਗਾਂ ਕੱਚੇ ਅਤੇ ਠੇਕੇ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕਾ ਕਰਨ, ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਕਰਨ, ਤਨਖ਼ਾਹ ਵਿੱਚ ਵਾਧਾ ਕਰਨ, ਸਮੇਂ ਸਿਰ ਤਨਖ਼ਾਹ ਅਤੇ ਹੋਰ ਭੱਤੇ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐਸ.) ਨੂੰ ਮੁੜ ਲਾਗੂ ਕਰਨ, ਡਿਊਟੀ ਦੌਰਾਨ ਜਾਨ ਜੋਖ਼ਮ ਵਿੱਚ ਪਾ ਕੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਰਿਸਕ ਭੱਤਾ ਦੇਣ, ਫਾਇਰ ਸਟੇਸ਼ਨਾਂ ਵਿੱਚ ਲੋੜੀਂਦੇ ਸੁਰੱਖਿਆ ਉਪਕਰਨ ਅਤੇ ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾਉਣ, ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਭਰਨ, ਡਿਊਟੀ ਦੇ ਘੰਟੇ ਨਿਰਧਾਰਿਤ ਕੀਤੇ ਜਾਣ ਅਤੇ ਵਾਧੂ ਡਿਊਟੀ ਦਾ ਭੁਗਤਾਨ ਕਰਨ, ਸ਼ਹੀਦ ਜਾਂ ਡਿਊਟੀ ਦੌਰਾਨ ਜ਼ਖਮੀ ਹੋਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਅਤੇ ਸਰਕਾਰੀ ਸਹਾਇਤਾ ਦੇਣ, ਫਾਇਰ ਬਿ੍ਗੇਡ ਵਿਭਾਗ ਦਾ ਨਿੱਜੀਕਰਨ ਬੰਦ ਕਰਨ, ਕਰਮਚਾਰੀਆਂ ਲਈ ਮੈਡੀਕਲ ਸਹੂਲਤਾਂ ਅਤੇ ਬੀਮਾ ਯੋਜਨਾਵਾਂ ਲਾਗੂ ਕਰਨਾ ਹਨ | ਕਰਮਚਾਰੀਆਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਮੰਨਦੀ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ | ਅੰਤ ਵਿੱਚ ਬਾਲਮੀਕ ਚੌਂਕ ਵਿਖੇ ਇਕੱਠੇ ਹੋਏ ਕਰਮਚਾਰੀਆਂ ਨੇ ਮੁੱਖ ਮੰਤਰੀ ਨਾਇਬ ਸੈਣੀ ਦਾ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟਾਇਆ | ਇਸ ਮੌਕੇ ਪਗੜੀ ਸੰਭਾਲ ਜੱਟਾ ਕਿਸਾਨ ਸੇਵਾ ਸੰਮਤੀ, ਹੋਰ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਫ਼ਾਈ ਅਤੇ ਫਾਇਰ ਬਿ੍ਗੇਡ ਕਰਮਚਾਰੀ ਮੌਜੂਦ ਰਹੇ |
ਮੰਗਾਂ ਨੂੰ ਲੈ ਕੇ ਸਫ਼ਾਈ ਅਤੇ ਫਾਇਰ ਬਿ੍ਗੇਡ ਕਰਮਚਾਰੀਆਂ ਨੇ ਮੁੱਖ ਮੰਤਰੀ ਨਾਇਬ ਸੈਣੀ ਦਾ ਪੁਤਲਾ ਫੂਕਿਆ, ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਅਜੀਤ ਡੈਸਕ
14-05-2026