ਯਮੁਨਾਨਗਰ, 21 ਮਈ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਪ੍ਰੀਤੀ ਨੇ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ ਪ੍ਰੋਗਰਾਮ ਤਹਿਤ ਚਾਰੇ ਵਿਧਾਨ ਸਭਾ ਹਲਕਿਆਂ ਦੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਅਤੇ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸੋਧ ਦਾ ਕੰਮ ਨਿਰਧਾਰਤ ਪ੍ਰੋਗਰਾਮ ਅਨੁਸਾਰ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਹਰਿਆਣਾ ਦੇ ਮੁੱਖ ਚੋਣ ਕਮਿਸ਼ਨਰ ਏ. ਸ੍ਰੀ ਨਿਵਾਸਨ ਨੇ ਵੀਡੀਓ ਕਾਨਫਰੰਸ ਰਾਹੀਂ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਯੋਗ ਵੋਟਰਾਂ ਦੇ ਨਾਂਅ ਜੋੜਨ, ਸੋਧ ਕਰਨ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰਨ ਦੀ ਪ੍ਰਕਿਰਿਆ ਨਿਰਧਾਰਤ ਮਿਤੀਆਂ ਅਨੁਸਾਰ ਪੂਰੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰੋਗਰਾਮ ਲਈ ਯੋਗਤਾ ਮਿਤੀ 1 ਜੁਲਾਈ ਹੈ ਅਤੇ ਤਿਆਰੀ, ਸਿਖਲਾਈ ਤੇ ਛਪਾਈ ਦਾ ਕੰਮ 5 ਜੂਨ ਤੋਂ 14 ਜੂਨ ਤੱਕ ਚੱਲੇਗਾ | ਇਸੇ ਤਰ੍ਹਾਂ ਬੀ. ਐਲ. ਓਜ਼ ਵਲੋਂ ਘਰ-ਘਰ ਜਾ ਕੇ ਤਸਦੀਕ 15 ਜੂਨ ਤੋਂ 14 ਜੁਲਾਈ ਤੱਕ ਕੀਤੀ ਜਾਵੇਗੀ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ 14 ਜੁਲਾਈ ਤੱਕ ਪੂਰੀ ਕੀਤੀ ਜਾਵੇਗੀ, ਜਦਕਿ ਡਰਾਫਟ ਵੋਟਰ ਸੂਚੀ 21 ਜੁਲਾਈ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਨੂੰ ਪ੍ਰਾਪਤ ਕਰਨ ਦੀ ਮਿਆਦ 21 ਜੁਲਾਈ ਤੋਂ 20 ਅਗਸਤ ਤੱਕ ਹੋਵੇਗੀ, ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 21 ਜੁਲਾਈ ਤੋਂ 18 ਸਤੰਬਰ ਤੱਕ ਹੋਵੇਗਾ ਅਤੇ ਅੰਤਿਮ ਵੋਟਰ ਸੂਚੀ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ | ਇਸ ਦੌਰਾਨ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਨਾਗਰਿਕਾਂ ਨੂੰ ਵੋਟਰ ਸੂਚੀ ਸਰਵੇਖਣ ਕਰਵਾਉਣ ਲਈ ਬੀ. ਐਲ. ਓਜ਼. ਨਾਲ ਤਾਲਮੇਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੇ ਯੋਗ ਵੋਟਰਾਂ ਨੂੰ ਇਸ ਵਿਸ਼ੇਸ਼ ਮੁਹਿੰਮ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਆਪਣੇ ਵੋਟਰ ਵੇਰਵਿਆਂ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵੀਨ ਆਹੂਜਾ, ਐਸ. ਡੀ. ਐਮ. ਜਗਾਧਰੀ ਵਿਸ਼ਵਨਾਥ, ਐਸ. ਡੀ. ਐਮ. ਰਾਦੌਰ ਨਰਿੰਦਰ ਕੁਮਾਰ, ਡੀ. ਪੀ. ਆਰ. ਓ. ਡਾ. ਮਨੋਜ ਕੁਮਾਰ, ਨਾਇਬ ਤਹਿਸੀਲਦਾਰ ਚੋਣ ਪ੍ਰਸ਼ਾਂਤ ਕੁਮਾਰ, ਭਾਜਪਾ ਤੋਂ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਰਾਣਾ, ਆਮ ਆਦਮੀ ਪਾਰਟੀ ਤੋਂ ਸੁਰਜੀਤ ਸਿੰਘ, ਮੰਗਤ ਰਾਮ ਸੈਣੀ ਅਤੇ ਇਨੈਲੋ ਪਾਰਟੀ ਤੋਂ ਜਸਬੀਰ ਸਿੰਘ, ਵਿਸ਼ਾਲ ਗੁਰਜਰ ਤੇ ਮਧੂ ਗੁਰਜਰ ਸਿੰਘ, ਬੀ. ਐਸ. ਪੀ. ਅਤੇ ਕਾਂਗਰਸ ਦੇ ਪ੍ਰਤਿਨਿਧੀਆਂ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ |