ਨਵੀਂ ਦਿੱਲੀ, 21 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਏ.ਐਨ.ਐਸ. ਦੀ ਟੀਮ ਨੇ ਇਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ | ਇਨ੍ਹਾਂ ਕੋਲੋਂ ਪੁਲਿਸ ਨੇ 195.66 ਗ੍ਰਾਮ (ਇੰਟਰਮੀਡੀਏਟ ਮਾਤਰਾ) ਸਮੈਕ/ਹੈਰੋਇਨ ਬਰਾਮਦ ਕੀਤੀ ਹੈ | ਇਸ ਦੀ ਕੀਮਤ ਬਾਜ਼ਾਰ 'ਚ 25 ਲੱਖ ਰੁਪਏ ਦੱਸੀ ਜਾਂਦੀ ਹੈ | ਇਸ ਗਰੋਹ ਦੇ ਤਿੰਨ ਮੈਂਬਰਾਂ 'ਚ ਸਰਵੇਸ਼ ਨਾਂਅ ਦੇ ਤਸਕਰ ਤੋਂ ਪੁਲਿਸ ਨੇ 73.11 ਗ੍ਰਾਮ, ਸਾਹਿਲ ਦੇ ਕੋਲੋਂ 92.45 ਗ੍ਰਾਮ ਅਤੇ ਸੋਰਸ ਅਬਰਾਰ ਤੋਂ 30 ਗ੍ਰਾਮ ਨਸ਼ੀਲਾ ਪਦਾਰਥ ਫੜਿਆ ਹੈ | ਪੁਲਿਸ ਨੇ ਇਨ੍ਹਾਂ ਤਿੰਨਾਂ ਤਸਕਰਾਂ ਨੂੰ ਵੱਖ-ਵੱਖ ਥਾਵਾਂ ਤੋਂ ਫੜਿਆ, ਜਿਸ ਦੀ ਜਾਣਕਾਰੀ ਪੁਲਿਸ ਨੂੰ ਮੁਖਬਰਾਂ, ਲੋਕਲ ਇੰਟੈਲੀਜੈਂਸ, ਪੁੱਛ-ਪੜਤਾਲ ਤੇ ਗੁਪਤ ਸੂਚਨਾ ਦੇ ਆਧਾਰ 'ਤੇ ਮਿਲੀ | ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਿਵੇਂ ਕੀਤੀ ਜਾਂਦੀ ਸੀ ਪੁਲਿਸ ਨੇ ਇਸ ਬਾਰੇ ਵੀ ਪਤਾ ਲਗਾ ਲਿਆ ਹੈ | ਇਨ੍ਹਾਂ ਤਸਕਰਾਂ ਤੋਂ ਪੁਲਿਸ ਨੇ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਤਾਂ ਇਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਖੁਲਾਸਾ ਕਰ ਦਿੱਤਾ | ਇਹ ਲੋਕ ਦੂਸਰੇ ਰਾਜਾਂ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਸਨ, ਜਿਨ੍ਹਾਂ ਵਿਚ ਇਨ੍ਹਾਂ ਦੇ ਹੋਰ ਸਾਥੀ ਵੀ ਮਦਦ ਕਰਦੇ ਸਨ | ਪੁਲਿਸ ਪੂਰੇ ਮਾਮਲੇ ਦੀ ਛਾਣਬੀਨ ਕਰ ਰਹੀ ਹੈ |