ਟੋਹਾਣਾ, 23 ਮਈ (ਮਨਜੀਤ ਸਿੰਘ)- ਟੋਹਾਣਾ ਦੇ ਭੀੜ-ਭਾੜ ਵਾਲੇ ਮਿਲਨ ਚੌਂਕ ਵਿਚ ਉਸ ਵੇਲੇ ਹੰਗਾਮੇ ਵਾਲਾ ਮਾਹੌਲ ਬਣ ਗਿਆ ਜਦੋਂ ਸਕੂਲ ਤੋਂ ਬੱਚੀਆਂ ਨੂੰ ਘਰ ਲੈ ਕੇ ਆ ਰਹੇ ਇੱਕ ਵਿਅਕਤੀ ਦੀ ਕਾਰ ਚਾਲਕ ਨਾਲ ਤਕਰਾਰ ਤੋਂ ਬਾਅਦ ਕੁੱਟਮਾਰ ਹੋ ਗਈ | ਘਟਨਾ ਦੌਰਾਨ ਸਕੂਟੀ ਅਤੇ ਕਾਰ ਵਿਚਕਾਰ ਹੋਈ ਟੱਕਰ ਕਾਰਨ ਬੱਚੀਆਂ ਦੀਆਂ ਲੱਤਾਂ 'ਤੇ ਸੱਟਾਂ ਵੀ ਲੱਗੀਆਂ | ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਆਪਣੀਆਂ ਬੇਟੀਆਂ ਨੂੰ ਸਕੂਲ ਤੋਂ ਸਕੂਟੀ 'ਤੇ ਘਰ ਲੈ ਕੇ ਆ ਰਿਹਾ ਸੀ | ਜਿਵੇਂ ਹੀ ਉਹ ਮਿਲਨ ਚੌਂਕ ਨੇੜੇ ਪਹੁੰਚਿਆ ਤਾਂ ਇੱਕ ਕਾਰ ਨੇ ਉਸ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ | ਟੱਕਰ ਦੌਰਾਨ ਸਕੂਟੀ ਡਿੱਗਣ ਕਾਰਨ ਬੱਚੀਆਂ ਨੂੰ ਸੱਟਾਂ ਲੱਗੀਆਂ ਅਤੇ ਮੌਕੇ 'ਤੇ ਅਫ਼ਰਾ ਤਫ਼ਰੀ ਮੱਚ ਗਈ | ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਅਤੇ ਸਕੂਟੀ ਸਵਾਰ ਵਿਚਕਾਰ ਤਕਰਾਰ ਹੋ ਗਈ ਜੋ ਬਾਅਦ ਵਿਚ ਕੁੱਟਮਾਰ ਵਿਚ ਤਬਦੀਲ ਹੋ ਗਈ | ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ | ਘਟਨਾ ਦੀ ਸੂਚਨਾ ਮਿਲਦੇ ਹੀ 112 ਨੰਬਰ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵੱਲੋਂ ਦੋਵਾਂ ਪੱਖਾਂ ਤੋਂ ਪੁੱਛ ਪੜਤਾਲ ਕੀਤੀ ਅਤੇ ਆਲੇ-ਦੁਆਲੇ ਦੁਕਾਨਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਿਲਨ ਚੌਂਕ ਵਿਚ ਟਰੈਫ਼ਿਕ ਦਾ ਦਬਾਅ ਵੱਧ ਹੋਣ ਕਾਰਨ ਅਕਸਰ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਚੌਂਕ ਵਿਚ ਟਰੈਫ਼ਿਕ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ |