ਟੋਹਾਣਾ, 23 ਮਈ (ਮਨਜੀਤ ਸਿੰਘ) - ਟੋਹਾਣਾ ਦੇ ਵਾਰਡ ਨੰਬਰ 20 ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਪਾਣੀ ਅਤੇ ਬਿਜਲੀ ਦੀ ਭਾਰੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਦਾ ਗ਼ੁੱਸਾ ਉਸ ਵੇਲੇ ਫੁੱਟ ਗਿਆ ਜਦੋਂ ਉਨ੍ਹਾਂ ਨੇ ਦਮਕੌਰਾ ਰੋਡ 'ਤੇ ਇਕੱਠੇ ਹੋ ਕੇ ਜਾਮ ਲਾ ਦਿੱਤਾ | ਇਸ ਦੌਰਾਨ ਲੋਕਾਂ ਨੇ 'ਬੀਜੇਪੀ ਸਰਕਾਰ ਮੁਰਦਾਬਾਦ, ਜਲ ਸਪਲਾਈ ਵਿਭਾਗ ਮੁਰਦਾਬਾਦ' ਅਤੇ 'ਬਿਜਲੀ ਵਿਭਾਗ ਮੁਰਦਾਬਾਦ' ਦੇ ਨਾਅਰੇ ਲਗਾ ਕੇ ਆਪਣਾ ਰੋਸ ਪ੍ਰਗਟਾਇਆ | ਧਰਨੇ 'ਤੇ ਬੈਠੇ ਇੱਕ ਵਿਅਕਤੀ ਨੇ ਦੱਸਿਆ ਕਿ ਮਸਾਲਾ ਫ਼ੈਕਟਰੀ ਨਜ਼ਦੀਕ ਪੈਂਦੀ ਕਲੋਨੀ ਵਿੱਚ ਪਿਛਲੇ 15 ਦਿਨਾਂ ਤੋਂ ਪਾਣੀ ਦੀ ਗੰਭੀਰ ਕਮੀ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਪੂਰੇ ਵਾਰਡ ਦੇ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ ਅਤੇ ਘਰਾਂ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਹੁੰਚ ਰਿਹਾ | ਲੋਕਾਂ ਦਾ ਦੋਸ਼ ਹੈ ਕਿ ਜਲ ਸਪਲਾਈ ਵਿਭਾਗ ਦੇ ਜੇ.ਈ. ਅਤੇ ਐਸ.ਡੀ.ਓ. ਨੂੰ ਕਈ ਵਾਰ ਫ਼ੋਨ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲ ਰਿਹਾ | ਧਰਨੇ ਵਿੱਚ ਸ਼ਾਮਲ ਅÏਰਤਾਂ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਪਾਣੀ ਅਤੇ ਬਿਜਲੀ ਦੀ ਸਮੱਸਿਆ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ ਪਰ ਸੰਬੰਧਿਤ ਵਿਭਾਗ ਕੋਈ ਠੋਸ ਕਦਮ ਨਹੀਂ ਚੁੱਕ ਰਹੇ | ਉਨ੍ਹਾਂ ਕਿਹਾ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਪਰੇਸ਼ਾਨ ਹੈ | ਵਾਰਡ ਨੰਬਰ 20 ਦੇ ਐਮ.ਸੀ. ਜਗਦੀਸ਼ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਚੰਡੀਗੜ੍ਹ ਤੱਕ ਦਰਖ਼ਾਸਤਾਂ ਭੇਜੀਆਂ ਜਾ ਚੁੱਕੀਆਂ ਹਨ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ | ਉਨ੍ਹਾਂ ਦੱਸਿਆ ਕਿ ਜਦੋਂ ਵਾਟਰ ਸਪਲਾਈ ਕਰਮਚਾਰੀਆਂ ਨੂੰ ਪਾਣੀ ਛੱਡਣ ਲਈ ਕਿਹਾ ਜਾਂਦਾ ਹੈ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਟੈਂਕ ਵਿੱਚ ਪਾਣੀ ਹੀ ਨਹੀਂ ਹੈ | ਧਰਨੇ ਵਿੱਚ ਸ਼ਾਮਲ ਕੁਝ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਾਰਡ ਲਾਗਲੀ ਅਫਸਰ ਕਲੋਨੀ ਵਿੱਚ ਲਗਾਤਾਰ ਤਿੰਨ-ਤਿੰਨ ਘੰਟੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ, ਜਦਕਿ ਹੋਰ ਵਾਰਡਾਂ ਵਿੱਚ ਲੋਕ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ | ਉਨ੍ਹਾਂ ਕਿਹਾ ਕਿ ਜੇ ਕਦੇ ਪਾਣੀ ਆਉਂਦਾ ਵੀ ਹੈ ਤਾਂ ਬਿਜਲੀ ਕੱਟ ਜਾਂ ਸਪਲਾਈ ਬੰਦ ਹੋਣ ਕਾਰਨ ਲੋਕਾਂ ਤੱਕ ਪਾਣੀ ਨਹੀਂ ਪਹੁੰਚਦਾ | ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ |